ਔਰਬਿਟ ਦਾ ‘ਗੁੰਡਾਰਾਜ’ ਹਾਲੇ ਵੀ ਕਾਇਮ

-ਪੰਜਾਬੀਲੋਕ ਬਿਊਰੋ
ਬਾਦਲ ਪਰਿਵਾਰ ਦੇ ਕਰੀਬੀਆਂ ਦੇ ਗਲਬੇ ਹੇਠਲੇ ਮਲਾਈਦਾਰ ਖੱਲ ਖੂੰਜੇ ਫਰੋਲਣ ਦੀ ਗੱਲ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੁਰਾਂ ਨੇ ਕੀਤੀ ਹੈ, ਪਰ ਬਾਦਲ ਪਰਿਵਾਰ ਦੀ ਟਰਾਂਸਪੋਰਟ ਬਾਰੇ ਹਾਲੇ ਕੋਈ ਹਿੱਲਜੁੱਲ ਨਹੀਂ ਹੋਈ।
ਔਰਬਿਟ ਟਰਾਂਸਪੋਰਟ ਕੰਪਨੀ ਦਾ ‘ਰਾਜ’ ਸੂਬੇ ਵਿੱਚ ਬਰਕਰਾਰ ਹੈ। ਬੇਸ਼ੱਕ ਸਰਕਾਰ ਬਦਲਣ ਨਾਲ ਸੜਕਾਂ ‘ਤੇ ਹਨੇਰੀ ਉਡਾ ਰਹੀਆਂ ਲੀਡਰਾਂ ਦੀਆਂ ਕਾਫੀ ਬੱਸਾਂ ਅਲੋਪ ਹੋ ਗਈਆਂ ਹਨ ਪਰ ਔਰਬਿਟ ਦੇ ਸਟਾਫ ਦੀ ਦਹਿਸ਼ਤ ਕਾਇਮ ਹੈ।
ਸੱਤਾ ਵਾਲਾ ਨਸ਼ਾ ਵੀ ਛੇਤੀ ਕੀਤਿਆਂ ਨਹੀਂ ਉਤਰਦਾ ਹੁੰਦਾ.. ਇਹ ਔਰਬਿਟ ਦਾ ਸਟਾਫ ਸਾਬਿਤ ਕਰ ਹੀ ਰਿਹਾ ਹੈ।
ਮਾਮਲਾ ਮਾਨਸਾ ਜ਼ਿਲੇ ਦਾ ਹੈ, ਜਿੱਥੇ ਬੀਤੇ ਦਿਨੀਂ ਔਰਬਿਟ ਬੱਸ ਦੇ ਚਾਲਕ ਨੇ ਝੁਨੀਰ ਵਿੱਚ ਕਾਰਪੋਰੇਸ਼ਨ ਦੇ ਅੱਡਾ ਇੰਚਾਰਜ ‘ਤੇ ਬੱਸ ਚੜਾਉਣ ਦੀ ਕੋਸ਼ਿਸ਼ ਕੀਤੀ। ਪੀ.ਆਰ.ਟੀ.ਸੀ. ਐਂਪਲਾਈਜ਼ ਯੂਨੀਅਨ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਚਾਲਕ ਖ਼ਿਲਾਫ਼ ਤੁਰੰਤ ਕੇਸ ਦਰਜ ਕੀਤਾ ਜਾਵੇ। ਉਹਨਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ‘ਤੇ ਉਹ ਪੁਲਿਸ ਤੇ ਕੰਪਨੀ ਖ਼ਿਲਾਫ਼ ਸੰਘਰਸ਼ ਕਰਨਗੇ।
ਜਾਣਕਾਰੀ ਅਨੁਸਾਰ ਕਾਰਪੋਰੇਸ਼ਨ ਦੇ ਝੁਨੀਰ ਸਥਿਤ ਅੱਡਾ ਇੰਚਾਰਜ ਸੁਰਿੰਦਰ ਸਿੰਘ ਭਲਾਈਕੇ ਨੇ ੱਬਸ ਮਿੱਥੇ ਸਮੇ ਤੋਂ ਪੰਜ ਮਿੰਟ ਲੇਟ ਹੋਣ ਕਰਕੇ ਰੋਕਣੀ ਚਾਹੀ ਤਾਂ ਔਰਬਿਟ ਦੀ ਸਰਦੂਲਗੜ ਤੋਂ ਗੁਰਦਾਸਪੁਰ ਜਾ ਰਹੀ ਬੱਸ ਦੇ ਡਰਾਈਵਰ ਨੇ ਉਸ ‘ਤੇ ਬੱਸ ਚੜਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਲੋਕਾਂ ਦੀ ਹਾਜ਼ਰੀ ਵਿੱਚ ਧੱਕਾ ਮਾਰ ਕੇ ਸੁੱਟ ਦਿੱਤਾ।
ਤੇ ਬੱਸ ਭਜਾ ਕੇ ਲੈ ਗਿਆ। ਪੀੜਤ ਨੇ ਝੁਨੀਰ ਦੇ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਕੀਤੀ ਹੈ।ਪੁਲਿਸ ਕਹਿੰਦੀ ਜਾਂਚ ਕਰਕੇ ਕਾਰਵਾਈ ਕਰਾਂਗੇ।
ਲੋਕ ਕਟਾਖਸ਼ ਕਰ ਰਹੇ ਨੇ ਕਿ ਐਹੋ ਜਿਹੀਅੰ ਧੱਕੇਸ਼ਾਹੀਆਂ ਦਾ ਨਤੀਜਾ ਵੋਟ ਨਤੀਜੇ ਦੱਸ ਹੀ ਚੁੱਕੇ ਨੇ, ਪਰ ਫੇਰ ਵੀ ਰੱਸੀ ਸੜ ਗਈ, ਵੱਟ ਨਹੀਂ ਗਏ..।