• Home »
  • ਅੱਜ ਦੀ ਖਬਰ
  • » ਦੂਜਿਆਂ ਨੂੰ ਜ਼ੁਬਾਨ ਸੰਭਾਲਣ ਦੀ ਨਸੀਹਤ ਦੇ ਰਹੇ ਨੇ ਯੋਗੀ

ਦੂਜਿਆਂ ਨੂੰ ਜ਼ੁਬਾਨ ਸੰਭਾਲਣ ਦੀ ਨਸੀਹਤ ਦੇ ਰਹੇ ਨੇ ਯੋਗੀ

-ਪੰਜਾਬੀਲੋਕ ਬਿਊਰੋ
ਹਮੇਸ਼ਾ ਹੀ ਵਿਵਾਦਤ ਬਾਨ ਦੇਣ ਵਾਲੇ ਯੋਗੀ ਅਦਿਤਯਾਨਾਥ ਯੂ ਪੀ ਦੇ ਸੀ ਐਮ ਬਣਦਿਆਂ ਸਾਰ ਹੀ ਸਾਥੀਆਂ ਨੂੰ ਜ਼ਰਾ ਸੰਭਲ ਕੇ ਬਿਆਨਬਾਜ਼ੀ ਕਰਨ ਦੀ ਨਸੀਹਤ ਦੇ ਰਹੇ ਨੇ।
ਯੋਗੀ ਅਦਿਤਯਾਨਾਥ ਦੇ ਵਿਵਾਦਤ ਬਿਆਨ
-ਦਾਦਰੀ ਵਿੱਚ ਗਊ ਮਾਸ ਦੇ ਮੁੱਦੇ ਨੂੰ ਲੈ ਕੇ ਭੀੜ ਵਲੋਂ ਘਰ ਵਿੱਚ ਵੜ ਕੇ ਕਤਲ ਕੀਤੇ ਗਏ ਅਖਲਾਕ ਮੁਹੰਮਦ ਬਾਰੇ ਕਿਹਾ ਸੀ ਕਿ ਉਹ ਪਾਕਿਸਤਾਨ ਗਿਆ ਸੀ, ਉਸ ਤੋਂ ਬਾਅਦ ਉਸ ਦੀਆਂ ਗਤੀਵਿਧੀਆਂ ਬਦਲ ਗਈਆਂ ਸਨ।
-2014 ਵਿੱਚ ਲਵ ਜੇਹਾਦ ਬਾਰੇ ਕਿਹਾ ਸੀ ਕਿ ਜੇ ਉਹ ਇਕ ਹਿੰਦੂ ਕੁੜੀ ਦਾ ਧਰਮ ਪਰਿਵਰਤਨ ਕਰਦੇ ਨੇ ਤਾਂ ਅਸੀਂ 100 ਮੁਸਲਮ ਕੁੜੀਆਂ ਦਾ ਧਰਮ ਪਰਿਵਰਤਨ ਕਰਵਾਵਾਂਗੇ।
-ਸਾਲ 2015 ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਕ ਸਮਾਗਮ ਵਿੱਚ ਯੋਗੀ ਨੇ ਕਿਹਾ ਸੀ ਕਿ ਜੇ ਉਹਨਾਂ ਨੂੰ ਇਜਾਜ਼ਤ ਮਿਲੇ ਤਾਂ ਉਹ ਸਾਰੇ ਮੰਦਰਾਂ ਮਸਜਿਦਾਂ ‘ਚ ਗੌਰੀ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਦੇਣਗੇ।
-ਯੋਗਾ ਨੂੰ ਲੈ ਕੇ ਵੀ ਯੋਗੀ ਅਦਿਤਯਾਨਾਥ ਨੇ ਵਿਵਾਦਤ ਬਿਆਨ ਦਿੱਤਾ ਸੀ ਕਿ ਜਿਹੜੇ ਲੋਕ ਯੋਗਾ ਦਾ ਵਿਰੋਧ ਕਰਦੇ ਨੇ ,ਉਹਨਾਂ ਨੂੰ ਭਾਰਤ ਛੱਡ ਦੇਣਾ ਚਾਹੀਦਾ ਹੈ, ਤੇ ਜਿਹੜੇ ਲੋਕ ਸੂਰਜ ਨਮਸਕਾਰ ਨੂੰ ਨਹੀਂ ਮੰਨਦੇ ਉਹਨਾਂ ਨੂੰ ਸਮੁੰਦਰ ਵਿੱਚ ਡੁੱਬ ਜਾਣਾ ਚਾਹੀਦਾ ਹੈ।
-ਹਾਲ ਹੀ ਵਿੱਚ ਰਾਮ ਮੰਦਰ ਬਾਰੇ ਕਿਹਾ ਕਿ ਕਿਸੇ ਵਿੱਚ ਦਮ ਨਹੀਂ ਜੋ ਮੰਦਰ ਬਣਨ ਤੋਂ ਰੋਕ ਸਕੇ, ਇਹ ਹਰ ਹਾਲ ਬਣੇਗਾ ਹੀ ਬਣੇਗਾ। ਯੋਗੀ ਨੇ ਕਿਹਾ ਸੀ ਕਿ ਜੇ ਯੂ ਪੀ ਵਿੱਚ ਬੀਜੇਪੀ ਜਿੱਤੀ ਤਾਂ ਮੰਦਰ ਬਣੇਗਾ, ਪਰ ਜੇ ਸਮਾਜਵਾਦੀ ਪਾਰਟੀ ਜਿੱਤੀ ਤਾਂ ਕਰਬਲਾ ਤੇ ਕਬਰਸਤਾਨ ਬਣਨਗੇ।
-ਸ਼ਾਹਰੁਖ ਖਾਨ ਦੀ ਤੁਲਨਾ ਹਾਫਿਜ਼ ਸਈਅਦ ਨਾਲ ਕੀਤੀ ਸੀ, ਤੇ ਸ਼ਾਹਰੁਖ ਨੂੰ ਪਾਕਿਸਤਾਨ ਜਾਣ ਦੀ ਸਲਾਹ ਦੇ ਦਿੱਤੀ ਸੀ।
-ਜੇ ਐਨ ਯੂ ਵਿਵਾਦ ‘ਤੇ ਉਹਨਾਂ ਕਨੱਈਆ ਕੁਮਾਰ ਦੀ ਵਿਰੋਧਤਾ ਕਰਦਿਆਂ ਕਿਹਾ ਸੀ ਦੇਸ਼ ਵਿੱਚ ਕੋਈ ਹੋਰ ਜਿਨਹਾ ਜੰਮਣ ਨਹੀਂ ਦਿੱਤਾ ਜਾਵੇਗਾ, ਜੰਮਣ ਤੋਂ ਪਹਿਲਾਂ ਹੀ ਦਫਨ ਕਰ ਦਿੱਤਾ ਜਾਵੇਗਾ।
ਤੇ ਹੁਣ ਜਨਾਬ ਯੋਗੀ ਅਦਿਤਯਾਨਾਥ ਨੇ ਯੂ ਪੀ ਦਾ 21 ਵਾਂ ਸੀ ਐਮ ਬਣਦਿਆਂ ਸਾਰ ਲੀਡਰਾਂ ਨੂੰ ਖਾਸ ਕਰਕੇ ਆਪਣੇ ਮੰਤਰੀਆਂ ਨੂੰ ਨਸੀਹਤ ਦਿੱਤੀ ਹੈ ਕਿ ਅਨਾਪ ਸ਼ਨਾਪ ਬਿਆਨਾਂ ਤੋਂ ਦੂਰ ਰਹਿਣ।
ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਐਲਾਨ ਕੀਤੇ ਨੇ, ਸਾਰੇ ਮੰਤਰੀਆਂ ਨੂੰ 15 ਦਿਨਾਂ ਵਿੱਚ ਜਾਇਦਾਦ ਦਾ ਵੇਰਵਾ ਦੇਣ ਨੂੰ ਕਿਹਾ ਹੈ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਦਾ ਐਲਾਨ ਕੀਤਾ ਹੈ, ਯੂ ਪੀ ਵਿੱਚ ਸਰਕਾਰ ਦੇ ਦੋ ਬੁਲਾਰੇ ਸ੍ਰੀਕਾਂਤ ਸ਼ਰਮਾ ਤੇ ਸਿਧਾਰਥਨਾਥ ਸਿੰਘ ਨੂੰ ਨਿਯੁਕਤ ਕੀਤਾ ਹੈ, ਜੋ ਸਰਕਾਰ ਦੇ ਹਰ ਪੱਖ ‘ਤੇ ਬਿਆਨ ਦੇਣਗੇ, ਭਾਵ ਯੋਗੀ ਦੀ ਜ਼ੁਬਾਨ ਬਣਨਗੇ। ਯੂ ਪੀ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਨੂੰ ਅਧਾਰ ਬਣਾਇਆ ਜਾਵੇਗਾ।
ਯੋਗੀ ਅਦਿਤਯਾਨਾਥ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਗੋਰਖਪੁਰ ਮੰਦਰ ਤੋਂ ਪਹਿਲੀ ਵਾਰ ਬਾਹਰ ਰਹਿਣਗੇ। ਮੰਦਰ ਵਿੱਚ ਉਹ ਪਾਲਤੂ ਬਿੱਲੀ ਨਾਲ ਖਾਣਾ ਖਾਂਦੇ ਨੇ, ਮੰਦਰ ਕੰਪਲੈਕਸ ਵਿੱਚ ਬਣੀ ਗਊਸ਼ਾਲਾ ਵਿੱਚ ਗਊਆਂ ਦੀ ਹੱਥੀ ਸੇਵਾ ਕਰਦੇ ਨੇ। ਸੀ ਐਮ ਬਣਨ ਤੋਂ ਬਾਅਦ ਉਹਨਾਂ ਦੀ ਇਹ ਰੂਟੀਨ ਸ਼ਾਇਦ ਟੁੱਟ ਜਾਵੇਗੀ।
ਓਧਰ ਯੋਗੀ ਅਦਿਤਯਾਨਾਥ ਵਾਂਗ ਹਮੇਸ਼ਾ ਭਗਵੇਂ ਵਸਤਰ ਧਾਰਨ ਕਰਨ ਵਾਲੇ ਸਾਕਸ਼ੀ ਮਹਾਰਾਜ ਨੇ ਰਾਮ ਮੰਦਰ ਬਾਰੇ ਕਿਹਾ ਕਿ ਬੀਜੇਪੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਰਾਮ ਮੰਦਰ ਬਣਾਉਣ ਦਾ ਕਦੇ ਵੀ ਵਾਅਦਾ ਨਹੀਂ ਸੀ ਕੀਤਾ। ਪਰ ਹੁਣ ਕੇਂਦਰ ਤੇ ਯੂ ਪੀ ਵਿੱਚ ਸਾਡੀ ਸਰਕਾਰ ਹੈ ਤੇ ਮੰਦਰ ਬਣਨ ਵਿੱਚ ਆਉਂਦੀਆਂ ਅੜਚਣਾਂ ਦੂਰ ਕਰ ਲਈਆਂ ਜਾਣਗੀਆਂ।
ਬੁੱਚੜਖਾਨਿਆਂ ਬਾਰੇ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਇਹ ਬੜਾ ਪੁਰਾਣਾ ਰੋਗ ਹੈ, ਇਸ ਨੂੰ ਖਤਮ ਕਰਨਾ ਹੀ ਹੈ, ਪਰ ਕੁਝ ਵਕਤ ਲੱਗੇਗਾ। ਇਸ ਦੌਰਾਨ ਇਹ ਖਬਰ ਵੀ ਆਈ ਹੈ ਕਿ  ਭਾਜਪਾ ਦੀ ਸਰਕਾਰ ਬਣਦਿਆਂ ਦੀ ਬੁੱਚੜਖ਼ਾਨਿਆਂ ਵਿਰੁੱਧ ਕਾਰਵਾਈ ਸ਼ੁਰੂ ਹੋ ਗਈ ਹੈ। ਇਲਾਹਾਬਾਦ ‘ਚ ਨਗਰ ਨਿਗਮ ਨੇ ਦੋ ਬੁੱਚੜਖ਼ਾਨਿਆਂ ਨੂੰ ਸੀਲ ਕਰ ਦਿੱਤਾ ਹੈ।