ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਆਰੰਭ

-ਪੰਜਾਬੀਲੋਕ ਬਿਊਰੋ
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਤਿੰਨ ਪਿਆਰੇ ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ, ਭਾਈ ਹਿਮੰਤ ਸਿੰਘ ਸਮੇਤ 40 ਸਿੰਘਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਅੱਜ ਤੋਂ ਸ਼੍ਰੀ ਚਮਕੌਰ ਸਾਹਿਬ ਦੀ ਇਤਿਹਾਸਕ ਨਗਰੀ ਵਿਖੇ ਆਰੰਭ ਹੋ ਗਿਆ ਹੈ।  ਇਹ ਸ਼ਹੀਦੀ ਜੋੜ ਮੇਲਾ ਹਰ ਸਾਲ ਸ੍ਰੀ ਚਮਕੌਰ ਸਾਹਿਬ ਦੀ ਧਰਤੀ ‘ਤੇ 6-7-8 ਪੋਹ ਨੂੰ ਭਰਦਾ ਹੈ, ਜਿਥੇ ਭਾਰੀ ਗਿਣਤੀ ਵਿੱਚ ਸੰਗਤ ਜੁੜਦੀ ਹੈ।  ਅੱਜ ਇਤਿਹਾਸਕ ਗੁਰਦੁਆਰੇ ਸ੍ਰੀ ਕਤਲਗੜ ਸਾਹਿਬ, ਸ੍ਰੀ ਗੜੀ ਸਾਹਿਬ, ਸ੍ਰੀ ਦਮਦਮਾ ਸਾਹਿਬ ਸਮੇਤ ਗੁਰਦੁਆਰਾ ਸ੍ਰੀ ਤਾੜੀ ਸਾਹਿਬ, ਸ੍ਰੀ ਰਣਜੀਤ ਗੜ ਸਾਹਿਬ, ਸ਼ਹੀਦ ਬੁਰਜ ਬਾਬਾ ਜੀਵਨ ਸਿੰਘ ਤੇ ਸ੍ਰੀ ਬੂੰਗਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ।  ਭੋਗ 22 ਦਸੰਬਰ ਨੂੰ ਪਾਏ ਜਾਣਗੇ। ਪਹਿਲੇ ਦਿਨ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ।  ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸਿੱਖ ਧਰਮ ਦੇ ਮਹਾਨ ਸੂਰਬੀਰ ਨਾਇਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਕਮੇਟੀ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸੰਗਤਾਂ ਦੀ ਭਾਰੀ ਆਮਦ ਦੇ ਮੱਦੇਨਜ਼ਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪਹਿਲੇ ਲੋਕਤੰਤਰੀ ਗੁਰਮਤੇ ਦੀ ਸਰਜ਼ਮੀਨ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਨੇ 1704 ਈਸਵੀ ਨੂੰ ਮੁਗਲ ਫੌਜਾਂ ਨਾਲ ਲੜਦਿਆਂ ਸ਼ਹਾਦਤ ਦੇ ਜਾਮ ਪੀਤੇ ਸਨ।  ਇਸ ਧਰਤੀ ‘ਤੇ ਸਾਹਿਬਜ਼ਾਦਿਆਂ ਤੇ ਸ਼ਹੀਦ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਦਾ ਬੀਬੀ ਸ਼ਰਨ ਕੌਰ ਨੇ ਮੁਗਲਾਂ ਦੇ ਵਿਰੋਧ ਵਿਚ ਬੜਾ ਹੌਸਲਾ ਕਰ ਕੇ ਸਸਕਾਰ ਕੀਤਾ ਸੀ।