ਦਿੱਲੀ ਤੋਂ ਆਊ ਆਪਕਿਆਂ ਦਾ ਪੰਜਾਬ ਲਈ ਸੀ ਐਮ!!

-ਪੰਜਾਬੀਲੋਕ ਬਿਊਰੋ
ਨਿੱਤ ਦਿਨ ਨਵੇਂ ਵਰਤਾਰੇ ਕਾਰਨ ਚਰਚਾ ਵਿੱਚ ਰਹਿੰਦੀ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਪੰਜਾਬ ਲਈ ਸੀ ਐਮ ਚਿਹਰੇ ਦਾ ਜ਼ਿਕਰ ਨਹੀਂ ਕੀਤਾ, ਪਰ ਅੱਜ ਕੁਝ ਮੀਡੀਆ ਹਲਕਿਆਂ ਵਿੱਚ ਚਰਚਾ ਹੋ ਰਹੀ ਹੈ ਕਿ ਪੰਜਾਬ ਲਈ ਸੀ ਐਮ ਦਿੱਲੀ ਤੋਂ ਆ ਸਕਦਾ ਹੈ।
ਸੂਤਰਾਂ ਦੀ ਮੰਨੀਏ ਤਾਂ ਪਾਰਟੀ ਦੀ ਲੀਡਰਸ਼ਿਪ ਦਿੱਲੀ ਤੋਂ ਇਕ ਸਿੱਖ ਵਿਧਾਇਕ ਨੂੰ ਪੰਜਾਬ ਵਿਚ ਚੋਣਾਂ ਲੜਾਉਣ ਦੀ ਤਿਆਰੀ ਕਰ ਰਹੀ ਹੈ, ਜਿਸਨੂੰ ਜਿੱਤਣ ਪਿੱਛੋਂ ਸੂਬੇ ਦਾ ਮੁੱਖ ਮੰਤਰੀ ਬਣਾਏ ਜਾਣ ਦੀ ਚਰਚਾ ਹੈ। ਦੋ ਦਿਨ ਪਹਿਲਾਂ ਖੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੱਖ ਵਿਧਾਇਕ ਦੇ ਘਰ ਦੇਰ ਰਾਤ ਪਹੁੰਚ ਕੇ ਪਾਰਟੀ ਦੀ ਭਵਿੱਖ ਦੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ।  ਪਾਰਟੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਇਸ ਨਾਲ ਪੰਜਾਬ ਵਿਚ ਵਿਰੋਧੀ ਅਕਾਲੀ ਦਲ ਅਤੇ ਕਾਂਗਰਸ ਨੂੰ ਤਿੱਖੀ ਟੱਕਰ ਦਿੱਤੀ ਜਾ ਸਕੇਗੀ।
ਦਿੱਲੀ ਵਿਚ ਤਿਲਕ ਨਗਰ ਤੋਂ ਜਰਨੈਲ ਸਿੰਘ, ਹਰੀ ਨਗਰ ਤੋਂ ਜਗਦੀਪ ਸਿੰਘ ਅਤੇ ਕਾਲਕਾ ਜੀ ਖੇਤਰ ਤੋਂ ਅਵਤਾਰ ਸਿੰਘ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕ ਹਨ। ਇਹਨਾਂ ਵਿਚੋਂ ਇਕ ਵਿਧਾਇਕ ਸੀ. ਐਮ. ਦੀਆਂ ਨਜ਼ਰਾਂ ਵਿਚ ਹੈ। ਆਮ ਆਦਮੀ ਪਾਰਟੀ ਪੰਜਾਬ ਵਿਚ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਉਸੇ ਦੀ ਤਰਜ਼ ‘ਤੇ ਹਰਾਉਣਾ ਚਾਹੁੰਦੀ ਹੈ। ਪਾਰਟੀ ਲੀਡਰਸ਼ਿਪ ਨੂੰ ਪਤਾ ਹੈ ਕਿ ਛੋਟੀ ਜਿਹੀ ਭੁੱਲ ਵੀ ਵੱਡਾ ਨੁਕਸਾਨ ਕਰ ਸਕਦੀ ਹੈ।  ਸਿੱਖ ਬਹੁ-ਗਿਣਤੀ ਵਾਲੇ ਸੂਬੇ ਵਿਚ ਸਿੱਖਾਂ ਨੂੰ ਬੇਧਿਆਨੇ ਕਰਕੇ ਚੋਣ ਕਿਸ਼ਤੀ ਪਾਰ ਨਹੀਂ ਹੋ ਸਕਦੀ।  ਬਾਕਾਇਦਾ ਸਕ੍ਰਿਪਟ ਲਿਖੀ ਜਾ ਚੁੱਕੀ ਹੈ।  ਇਸ ਬਾਰੇ ਪਾਰਟੀ ਦੇ ਨੇਤਾ ਫਿਲਹਾਲ ਕੁਝ ਵੀ ਬੋਲਣ ਤੋਂ ਬਚ ਰਹੇ ਹਨ।  ਪਾਰਟੀ ਅੰਦਰ ਇਸ ਗੱਲ ‘ਤੇ ਵੀ ਮੰਥਨ ਚੱਲ ਰਿਹਾ ਹੈ ਕਿ ਦਿੱਲੀ ਦੇ ਚਿਹਰੇ ਨੂੰ ਪੰਜਾਬ ਵਿਚ ਉਤਾਰਨਾ ਕਿਤੇ ਨੁਕਸਾਨ ਦਾ ਸੌਦਾ ਨਾ ਬਣ ਜਾਏ।