ਬਰਲਿਨ ‘ਚ ਸਿਰਫਿਰੇ ਨੇ ਭੀੜ ‘ਤੇ ਟਰੱਕ ਚਾੜਿਆ

12 ਮੌਤਾਂ, 50 ਜ਼ਖਮੀ, ਸੁਰੱਖਿਆ ਵਧਾਈ
-ਪੰਜਾਬੀਲੋਕ ਬਿਊਰੋ
ਕ੍ਰਿਸਮਿਸ ਦੀਆਂ ਖੁਸ਼ੀਆਂ ਨੂੰ ਖੂਨੀ ਗ੍ਰਹਿਣ ਲਾਉਂਦਿਆਂ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਇੱਕ ਸਿਰ-ਫਿਰੇ ਨੇ ਖ਼ਰੀਦਦਾਰੀ ਕਰ ਰਹੇ ਲੋਕਾਂ ਉੱਤੇ ਟਰੱਕ ਚੜਾ ਕੇ 12 ਦੀ ਜਾਨ ਲੈ ਲਈ।  ਘਟਨਾ ਸ਼ਹਿਰ  ਦੇ ਕੈਸਰ ਵਿਲਹੇਮ ਮੈਮੋਰੀਅਲ ਗਿਰਜਾ ਘਰ  ਦੇ ਕੋਲ ਕ੍ਰਿਸਮਿਸ ਮਾਰਕੀਟ ਵਿੱਚ ਹੋਈ ਹੈ। ਇੱਕ ਤੇਜ਼ ਰਫਤਾਰ ਟਰੱਕ ਗਿਰਜਾ ਘਰ ਦੇ ਸਾਹਮਣੇ ਲੋਕਾਂ ਨੂੰ ਕੁਚਲਦਾ ਹੋਇਆ ਸਾਇਡ ਵਾਕ ਵਿੱਚ ਵੜ ਗਿਆ। ਇਸ ਘਟਨਾ ਵਿੱਚ 50 ਦੇ ਕਰੀਬ ਲੋਕ ਜ਼ਖਮੀ ਵੀ ਹੋਏ ਹਨ।  ਪੂਰੀ ਘਟਨਾ ਹਾਦਸਾ ਹੈ ਜਾਂ ਫਿਰ ਦਹਿਸ਼ਤਗਰਦੀ ਹਮਲਾ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇੱਕ ਸ਼ੱਕੀ ਨੂੰ ਵੀ ਗਿਰਫਤਾਰ ਕੀਤਾ ਹੈ। ਉਹ ਪਾਕਿਸਤਾਨ ਜਾਂ ਅਫਗਾਨਿਸਤਾਨ ਦਾ ਦੱਸਿਆ ਜਾ ਰਿਹਾ ਹੈ ।

ਘਟਨਾ ਤੋਂ ਬਾਅਦ ਮਾਰਕੀਟ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਿਸ ਦਾ ਫ਼ਾਇਦਾ ਲੈ ਕੇ ਟਰੱਕ ਡਰਾਈਵਰ ਫ਼ਰਾਰ ਹੋ ਗਿਆ।
ਯਾਦ ਰਹੇ ਕਿ ਇੱਕ ਸਾਲ ਪਹਿਲਾਂ ਅਜਿਹਾ ਹੀ ਹਾਦਸਾ ਫਰਾਂਸ ਦੇ ਸ਼ਹਿਰ ਨੀਸ ਵਿੱਚ ਵੀ ਹੋਇਆ ਸੀ।  ਉਸ ਘਟਨਾ ਵਿੱਚ 84 ਲੋਕਾਂ ਦੀ ਮੌਤ ਹੋਈ ਸੀ।
ਤਾਜ਼ਾ ਵਾਰਦਾਤ ਤੋਂ ਬਾਅਦ ਲੰਡਨ ਦੀਆਂ ਮਾਰਕੀਟਾਂ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੈਨਾ ਤੈਨਾਤ ਕਰ ਦਿੱਤੀ ਗਈ ਹੈ।  ਮਾਰਕਿਟ ਵਿੱਚ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ।  ਪੂਰੇ ਯੂਰਪ ਵਿੱਚ ਕ੍ਰਿਸਮਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਹਰ ਪਾਸੇ ਇਸ ਘਟਨਾ ‘ਤੇ ਦੁੱਖ ਤੇ ਚਿੰਤਾ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।