• Home »
  • ਅੱਜ ਦੀ ਖਬਰ
  • » ਮੰਤਰੀਆਂ ਦੇ ਘਰਾਂ ਅੱਗੇ ਮਜ਼ਦੂਰਾਂ-ਕਿਸਾਨਾਂ ਵਲੋਂ ਅੱਜ ਤੋਂ ਧਰਨੇ

ਮੰਤਰੀਆਂ ਦੇ ਘਰਾਂ ਅੱਗੇ ਮਜ਼ਦੂਰਾਂ-ਕਿਸਾਨਾਂ ਵਲੋਂ ਅੱਜ ਤੋਂ ਧਰਨੇ

-ਪੰਜਾਬੀਲੋਕ ਬਿਊਰੋ
ਪੰਜਾਬ ਦੀਆਂ ਸੰਘਰਸ਼ਸ਼ੀਲ 13 ਪੇਂਡੂ/ਖੇਤ ਮਜ਼ਦੂਰ ਤੇ ਕਿਸਾਨ ਜੱਥੇਬੰਦੀਆਂ ਦੇ ਸੂਬਾ ਸੱਦੇ ‘ਤੇ 19 ਦਸੰਬਰ ਨੂੰ ਪੰਜਾਬ ਭਰ ‘ਚ ਅਕਾਲੀ-ਭਾਜਪਾ ਸਰਕਾਰ ਦੇ ਮੰਤਰੀਆਂ ਦੇ ਘਰਾਂ ਅੱਗੇ ਮਜ਼ਦੂਰ-ਕਿਸਾਨ ਮੰਗਾਂ ਦੇ ਹੱਲ ਲਈ ਲਗਾਏ ਜਾਣ ਵਾਲੇ ਧਰਨਿਆਂ ‘ਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਹਜ਼ਾਰਾਂ ਪੇਂਡੂ ਮਜ਼ਦੂਰਾਂ ਤੇ ਕਿਸਾਨਾਂ ਨੂੰ ਸ਼ਾਮਲ ਕਰਵਾਏਗੀ। ਪਿੰਡ-ਪਿੰਡ ਪੇਂਡੂ ਮਜ਼ਦੂਰਾਂ ਤੇ ਕਿਸਾਨਾਂ ਦੀ ਇਸ ਸਬੰਧੀ ਲਾਮਬੰਦੀ ਕੀਤੀ ਗਈ ਹੈ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਨਰਲ ਸਕੱਤਰ ਬਲਵਿੰਦਰ ਸਿੰਘ ਭੁੱਲਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਜਨਰਲ ਸਕੱਤਰ ਦਾਤਾਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਪੇਂਡੂ ਧਨਾਢਾਂ, ਜਗੀਰਦਾਰਾਂ ਅਤੇ ਕਾਰਪੋਰੇਟ ਪੱਖੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਲੱਕਾਂ ਕਰੋੜਾਂ ਰੁਪਏ ਮੁਆਫ ਕਰ ਦਿੱਤੇ ਅਤੇ ਨੋਟਬੰਦੀ ਦੇ ਫੈਸਲੇ ਰਾਹੀਂ ਇਸ ਦੀ ਆਮ ਲੋਕਾਂ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ। ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਸਦਕਾ ਮਜ਼ਦੂਰ-ਕਿਸਾਨ ਕਰਜ਼ਾ ਕੁੜਿੱਕੀ ‘ਚ ਬੁਰੀ ਤਰਾਂ ਫਸੇ ਹੋਏ ਹਨ ਅਤੇ ਮਜ਼ਬੂਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਹਨ। ਜੇਕਰ ਕਾਰਪੋਰੇਟ ਘਰਾਣਿਆਂ ਦਾ ਕਰਜਾ ਮਾਫ਼ ਕੀਤਾ ਜਾ ਸਕਦਾ ਹੈ ਤਾਂ ਮਜ਼ਦੂਰਾਂ-ਕਿਸਾਨਾਂ ਦੇ ਕਰਜ਼ਿਆਂ ‘ਤੇ ਲਕੀਰ ਕਿਉਂ ਨਹੀਂ ਮਾਰੀ ਜਾ ਸਕਦੀ। ਉਹਨਾਂ ਅੱਗੇ ਕਿਹਾ ਕਿ ਅੱਤ ਦੀ ਮਹਿੰਗਾਈ ਤੇ ਬੇਰੁਜ਼ਗਾਰੀ ਅਰਧ-ਬੇਰੁਜ਼ਗਾਰੀ ਦੇ ਚਲਦਿਆਂ ਬੇਘਰੇ ਤੇ ਬੇਜ਼ਮੀਨੇ ਘਰ ਖਰੀਦਣ ਦੀ ਹਾਲਤ ‘ਚ ਨਹੀਂ ਸਰਕਾਰੀ ਫੈਸਲੇ ਦੇ ਬਾਵਜੂਦ ਲੋੜਵੰਦ ਕਿਰਤੀ ਰਿਹਾਇਸ਼ੀ ਪਲਾਟ ਲੈਣ ਲਈ ਤਰਸ ਰਹੇ ਹਨ। ਕਾਨੂੰਨੀ ਹੱਕ ਦੇ ਬਾਵਜੂਦ ਦਲਿਤਾਂ ਅਤੇ ਛੋਟੇ ਕਿਸਾਨਾਂ ਨੂੰ ਪੰਚਾਇਤੀ ਜ਼ਮੀਨਾਂ ਦਾ ਹੱਕ ਨਹੀਂ ਮਿਲ ਰਿਹਾ। ਲੈਂਡ ਸੀਲਿੰਗ ਤੋਂ ਵਾਧੂ ਢੇਰਾਂ ਜ਼ਮੀਨਾਂ ਪੇਂਡੂ ਧਨਾਢ, ਜਗੀਰਦਾਰ, ਹਾਕਮ ਪਾਰਟੀਆਂ ਦੇ ਮੰਤਰੀ-ਸੰਤਰੀ ਅਤੇ ਡੇਰਿਆਂ ਦੇ ਸਾਧ ਦੱਬੀ ਬੈਠੇ ਹਨ।
ਉਹਨਾਂ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਕਈ ਮੰਗਾਂ ਜਿਵੇਂ ਪਿਛਲੇ ਸਾਲ ਨਰਮਾ, ਗੁਆਰਾ, ਮਟਰ ਅਤੇ ਹੋਰ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜਾ ਪ੍ਰਵਾਨ ਕਰਕੇ ਵੀ ਅਜੇ ਤੱਕ ਸਾਰੇ ਕਿਸਾਨਾਂ-ਮਜ਼ਦੂਰਾਂ ਨੂੰ ਨਹੀਂ ਦਿੱਤਾ ਅਤੇ 6 ਸਾਲ ਪਹਿਲਾਂ ਹੋਏ ਗੋਬਿੰਦਪੁਰਾ ਸਮਝੌਤੇ ਅਧੀਨ ਵਾਪਸ ਕੀਤੀ ਜ਼ਮੀਨ ਦੇ ਇੰਤਕਾਲ ਉਹਨਾਂ ਕਿਸਾਨਾਂ ਦੇ ਨਾਮ ਅਜੇ ਤੱਕ ਨਹੀਂ ਕੀਤੇ ਗਏ ਆਦਿ ਮੰਨ ਕੇ ਵੀ ਲਾਗੂ ਨਾ ਕਰਨ ਅਤੇ ਕਰਜ਼ੇ ਮੋੜਨ ਤੋਂ ਅਸਮਰਥ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ਿਆਂ ‘ਤੇ ਲਕੀਰ ਮਾਰਨ ਦੀ ਮੁੱਖ ਮੰਗ ਬਾਰੇ ਮੁਜ਼ਰਮਾਨਾ ਚੁੱਪ ਧਾਰਨ ਦੀ ਦੋਸ਼ੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਿਰੁੱਧ ਸੰਘਰਸ਼ਸ਼ੀਲ ਕਿਸਾਨਾਂ-ਮਜ਼ਦੂਰਾਂ ਦਾ ਗੁੱਸਾ/ਰੋਸ ਸੇਧਤ ਕਰਨ ਨੂੰ ਮੁੱਖ ਰੱਖ ਕੇ ਇਹ ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਮੌਜੂਦਾ ਘੋਲ ਦੀਆਂ ਮੁੱਖ ਮੰਗਾਂ ਵਿੱਚ ਜਲੂਰ ਦੇ ਦਲਿਤ ਮਜ਼ਦੂਰਾਂ ਦੀਆਂ ਔਰਤਾਂ ਸਮੇਤ ਸਮੂਹਿਕ ਕੁੱਟਮਾਰ ਤੇ ਵੱਢ-ਟੁੱਕ ਰਾਹੀਂ ਵਹਿਸ਼ੀਆਨਾ ਜਬਰ ਢਾਹ ਕੇ ਮਾਤਾ ਗੁਰਦੇਵ ਕੌਰ ਨੂੰ ਮੌਤ ਦੇ ਘਾਟ ਉਤਾਰਨ ਦੇ ਮੁੱਖ ਦੋਸ਼ੀ ਉੱਚ ਸਿਆਸੀ/ਪ੍ਰਸਾਸ਼ਨਿਕ ਸ਼ਹਿ ਪ੍ਰਾਪਤ ਉਥੋਂ ਦੇ ਉੱਚ-ਜਾਤੀ ਸਿਆਸੀ ਚੌਧਰੀਆਂ ਸਮੇਤ ਸਾਰੇ ਨਾਮਜਦ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜਬਰ-ਜ਼ੁਲਮ ਦਾ ਸ਼ਿਕਾਰ ਬੇਦੋਸ਼ੇ ਮਜ਼ਦੂਰਾਂ ਵਿਰੁੱਧ ਦਰਜ ਝੂਠੇ ਕੇਸ ਰੱਦ ਕਰਕੇ ਸਭਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਫਰਜੀ ਬੋਲੀ ਰੱਦ ਕਰਕੇ ਜ਼ਮੀਨ ਦਲਿਤਾਂ ਨੂੰ ਦਿੱਤੀ ਜਾਵੇ। ਕਰਜ਼ੇ ਮੋੜਨ ਤੋਂ ਅਸਮਰੱਥ ਖੇਤ ਮਜ਼ਦੂਰਾਂ ਤੇ ਕਿਸਾਨਾਂ ਸਿਰ ਖੜੇ ਸਰਕਾਰੀ, ਸਹਿਕਾਰੀ ਤੇ ਸੂਦਖੋਰੀ ਸਾਰੇ ਕਰਜ਼ਿਆਂ ‘ਤੇ ਲਕੀਰ ਮਾਰੀ ਜਾਵੇ। ਕਰਜ਼ਿਆਂ ਤੇ ਆਰਥਿਕ ਤੰਗੀਆਂ ਦੇ ਸਤਾਏ ਖ਼ੁਦਕਸ਼ੀਆਂ ਦਾ ਸ਼ਿਕਾਰ ਹੋਏ ਮਜ਼ਦੂਰਾਂ-ਕਿਸਾਨਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ 1-1 ਸਰਕਾਰੀ ਨੌਕਰੀ ਦੀ ਰਾਹਤ ਫੌਰੀ ਦਿੱਤੀ ਜਾਵੇ, ਜ਼ਮੀਨੀ ਹੱਦਬੰਦੀ ਕਾਨੂੰਨ ਤੁਰੰਤ ਲਾਗੂ ਕਰਕੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ, ਬੇਜ਼ਮੀਨੇ ਤੇ ਥੁੜ ਜ਼ਮੀਨੇ ਮਜ਼ਦੂਰਾਂ/ਕਿਸਾਨਾਂ ‘ਚ ਵੰਡੀ ਜਾਵੇ। ਆਬਾਦਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ। ਲੋੜਵੰਦ ਬੇਘਰੇ ਤੇ ਬੇਜ਼ਮੀਨੇ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਤੁਰੰਤ ਦਿੱਤੇ ਜਾਣ। ਵਾਹੀਯੋਗ ਪੰਚਾਇਤੀ ਜ਼ਮੀਨਾਂ ‘ਚੋਂ ਤੀਜਾ ਹਿੱਸਾ ਜ਼ਮੀਨ ਦਲਿਤ ਮਜ਼ਦੂਰਾਂ ਨੂੰ ਅਤੇ ਬਾਕੀ ਬੇਜ਼ਮੀਨੇ ਕਿਸਾਨਾਂ ਨੂੰ ਸਸਤੇ ਠੇਕੇ ‘ਤੇ ਦਿੱਤੀ ਜਾਵੇ। ਗਰੀਬ ਲੋੜਵੰਦਾਂ ਦੇ ਨੀਲੇ ਕਾਰਡ ਤੁਰੰਤ ਬਣਾਏ ਜਾਣ, ਪੜੇ-ਲਿਖੇ ਤੇ ਅਨਪੜ ਸਾਰੇ ਬੇਰੁਜ਼ਗਾਰਾਂ ਨੂੰ ਬਣਦਾ ਪੱਕਾ ਰੁਜ਼ਗਾਰ ਤੁਰੰਤ ਦਿੱਤਾ ਜਾਵੇ ਜਾਂ ਗੁਜ਼ਾਰੇ ਯੋਗ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਆਦਿ ਮੰਗਾਂ ਸ਼ਾਮਲ ਹਨ।