ਘਰ ‘ਚ ਕੈਸ਼ ਕਿੰਨਾ-ਸਰਕਾਰ ਮਿਥੂ!!

ਨੋਟਬੰਦੀ-ਆਰ ਬੀ ਆਈ ਮੁਲਾਜ਼ਮ ਬਦਲ ਰਹੇ ਨੇ ਪੁਰਾਣੇ ਨੋਟ
-ਪੰਜਾਬੀਲੋਕ ਬਿਊਰੋ
ਨੋਟਬੰਦੀ ਤੋਂ ਬਾਅਦ ਨਿੱਤ ਦਿਨ ਸਰਕਾਰ ਦੇ ਅਹਿਮ ਫੈਸਲੇ ਆ ਰਹੇ ਨੇ। ਹੁਣ ਕਿਹਾ ਜਾ ਰਿਹਾ ਹੈ ਕਿ ਕਾਲੇਧਨ ‘ਤੇ ਲਗਾਮ ਲਗਾਉਣ ਲਈ ਸਰਕਾਰ ਇੱਕ ਹੋਰ ਫ਼ੈਸਲੇ ਤਹਿਤ ਘਰ ‘ਚ ਕੈਸ਼ ਰੱਖਣ ਤੇ ਕੈਸ਼ ਲੈਣ-ਦੇਣ ਦੀ ਸੀਮਾ ਤੈਅ ਕਰ ਸਕਦੀ ਹੈ।  ਮੋਦੀ ਸਰਕਾਰ ਨੇ ਕਾਲੇ ਧਨ ‘ਤੇ ਜਿਹੜੀ ਐੱਸ.ਆਈ.ਟੀ. ਬਣਾਈ ਸੀ ਉਸ ਨੇ ਸੁਪਰੀਮ ਕੋਰਟ ‘ਚ 14 ਜੁਲਾਈ ਨੂੰ ਦਾਖਿਲ ਆਪਣੀ 5ਵੀਂ ਰਿਪੋਰਟ ‘ਚ ਸਿਫ਼ਾਰਿਸ਼ ਕੀਤੀ ਸੀ ਕਿ ਘਰ ‘ਚ ਕੈਸ਼ ਰੱਖਣ ਦੀ ਹੱਦ 15 ਲੱਖ ਤੈਅ ਕੀਤੀ ਜਾਏ।  ਰਿਪੋਰਟ ‘ਚ ਕਿਹਾ ਗਿਆ ਸੀ 3 ਲੱਖ ਤੋਂ ਜ਼ਿਆਦਾ ਦੇ ਕੈਸ਼ ਦੇ ਲੈਣ-ਦੇਣ ‘ਤੇ ਰੋਕ ਲਗਾਈ ਜਾਏ।  ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਸਿਫ਼ਾਰਿਸ਼ ‘ਤੇ ਵਿਚਾਰ ਕਰ ਰਹੀ ਹੈ।
ਇਸ ਤੋਂ ਇਲਾਵਾ ਸਰਕਾਰ ਨੇ ਹੁਣ ਬੈਂਕਾਂ ‘ਚ 500-1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਜਮਾ ਕਰਨ ਦੀ ਸੀਮਾ ਤੈਅ ਕਰ ਦਿੱਤੀ ਹੈ।  ਨਵੇਂ ਆਦੇਸ਼ ਦੇ ਅਧੀਨ ਹੁਣ ਤੁਸੀਂ 30 ਦਸੰਬਰ ਤੱਕ ਇਕ ਅਕਾਊਂਟ ‘ਚ 5 ਹਜ਼ਾਰ ਰੁਪਏ ਤੋਂ ਵਧ ਦੇ ਪੁਰਾਣੇ ਨੋਟ ਸਿਰਫ ਇਕ ਵਾਰ ਜਮਾ ਕਰ ਸਕੋਗੇ।  ਇਸ ਦੌਰਾਨ ਗਾਹਕਾਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਹੁਣ ਤੱਕ ਇਹ ਪੈਸੇ ਜਮਾ ਕਿਉਂ ਨਹੀਂ ਕਰਵਾਏ ਸਨ। ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,”ਵੱਡੇ ਨੋਟ ਬੈਂਕ ਖਾਤਿਆਂ ‘ਚ ਵਾਰ-ਵਾਰ ਨਹੀਂ ਜਮਾ ਕਰਵਾਏ ਜਾ ਸਕਦੇ ਹਨ।  ਲੋਕ ਹੁਣ 5 ਹਜ਼ਾਰ ਰੁਪਏ ਤੱਕ ਜਮਾ ਕਰ ਸਕਦੇ ਹਨ, ਜਿਸ ‘ਤੇ ਕੋਈ ਪਾਬੰਦੀ ਨਹੀਂ ਹੈ। ”
ਨੋਟਬੰਦੀ ਕਾਰਨ ਜਨਤਾ ਜਿੱਥੇ ਨਵੀਂ ਕਰੰਸੀ ਨਾ ਮਿਲਣ ਕਰਕੇ ਬੇਹੱਦ ਤਣਾਅ ਵਿੱਚ ਹੈ, ਓਥੇ ਖਾਸ ਪਹੁੰਚ ਵਾਲੇ ਸਿੱਧੇ ਆਰ ਬੀ ਆਈ ਤੋਂ ਜੋੜ ਤੋੜ ਲਾ ਕੇ ਨਵੀਂ ਕਰੰਸੀ ਦੇ ਥੱਬੇ ਹਾਸਲ ਕਰ ਰਹੇ ਨੇ।
ਬੇਂਗਲੁਰੂ ‘ਚ ਭਾਰਤੀ ਰਿਜ਼ਰਵ ਬੈਂਕ ਦੇ ਚਾਰ ਕਰਮਚਾਰੀਆਂ ਤੇ ਇੱਕ ਮੈਨੇਜਰ ‘ਤੇ ਕਥਿਤ ਤੌਰ ‘ਤੇ ਕਰਨਾਟਕ ਸਰਕਾਰ ‘ਚ ਸ਼ਾਮਿਲ ਇੱਕ ਮੰਤਰੀ ਦੇ ਪੁਰਾਣੇ ਨੋਟ ਬਦਲਣ ‘ਚ ਮਦਦ ਕਰਨ ਦਾ ਦੋਸ਼ ਹੈ।  ਸੂਤਰਾਂ ਦਾ ਕਹਿਣਾ ਹੈ ਕਿ ਸੀ.ਬੀ.ਆਈ. ਇਹਨਾਂ ਕਰਮਚਾਰੀਆਂ ‘ਤੇ ਨਜ਼ਰ ਰੱਖ ਰਹੀ ਹੈ। ਫਿਲਹਾਲ ਕੋਈ ਕੇਸ ਆਦਿ ਦਰਜ ਨਹੀਂ ਹੋਇਆ, ਸਿਰਫ ਪੜਤਾਲ ਕੀਤੀ ਜਾ ਰਹੀ ਹੈ।