ਕੰਕਰੀਟ ਨਾਲ ਬਣੀ ਸੂਬੇ ਦੀ ਪਹਿਲੀ ਨਹਿਰ

15 ਜਨਵਰੀ ਤੋਂ ਬਿਸਤ ਦੋਆਬ ਨਹਿਰ ਰਾਹੀਂ ਹੋਵੇਗੀ ਸਿੰਚਾਈ – ਪੰਨੂ
-ਪੰਜਾਬੀਲੋਕ ਬਿਊਰੋ
ਦੁਆਬਾ ਖੇਤਰ ਦੇ ਚਾਰ ਜਿਲਿਆਂ ਦੀ ਕਿਸਾਨੀ ਦੀ ਜੀਵਨ ਰੇਖਾ ਬਿਸਤ ਦੋਆਬ ਨਹਿਰ 15 ਜਨਵਰੀ 2017 ਤੋਂ ਸਿੰਚਾਈ ਸ਼ੁਰੂ ਕਰ ਦੇਵੇਗੀ, ਜਿਸ ਨਾਲ 2 ਲੱਖ ਹੈਕਟੇਅਰ ਤੋਂ ਵੱਧ ਭੂਮੀ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ। ਇਸ ਸਬੰਧੀ ਨਹਿਰ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਸਿੰਚਾਈ ਵਿਭਾਗ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਨਹਿਰ ਦੇ ਨਵੀਨੀਕਰਨ ਸਬੰਧੀ ਪ੍ਰਾਜੈਕਟ ਦਾ ਨੀਂਹ ਪੱਥਰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਫਰਵਰੀ 2016 ਵਿਚ ਨਵਾਂਸ਼ਹਿਰ ਤੇ ਨਕੋਦਰ ਵਿਖੇ ਰੱਖਿਆ ਗਿਆ ਸੀ, ਜਿਸ ਪਿੱਛੋਂ ਇਹ ਪ੍ਰਾਜੈਕਟ ਰਿਕਾਰਡ 10 ਮਹੀਨੇ ਦੇ ਸਮੇਂ ਵਿਚ ਮੁਕੰਮਲ ਹੋ ਗਿਆ ਹੈ। ਉਹਨਾਂ ਕਿਹਾ ਕਿ ਕੰਕਰੀਟ  ਨਾਲ ਉਸਾਰੀ ਗਈ ਇਹ ਸੂਬੇ ਦੀ ਪਹਿਲੀ ਨਹਿਰ ਹੈ, ਜਿਸ ਉੱਪਰ ਕੁੱਲ 320 ਕਰੋੜ ਰੁਪੈ ਖਰਚ ਕੀਤੇ ਗਏ ਹਨ। ਉਹਨਾਂ ਕਿਹਾ ਕਿ ਬਿਸਤ ਦੁਆਬ ਨਹਿਰ ਦੀ ਉਸਾਰੀ 1954 ਵਿਚ ਕੀਤੀ ਗਈ ਸੀ,ਪਰ ਹੁਣ ਤੱਕ ਸਿਲਟ ਤੇ ਕੰਢਿਆਂ ਨੂੰ ਢਾਅ ਲੱਗਣ ਨਾਲ ਇਸਦੀ ਪਾਣੀ ਲਿਜਾਣ ਦੀ ਸਮਰੱਥਾ ਕੇਵਲ 950 ਕਿਊਸਕ ਰਹਿ ਗਈ ਸੀ। ਸ੍ਰੀ ਪੰਨੂ ਨੇ ਕਿਹਾ ਕਿ ਨਵੀਨੀਕਰਨ ਨਾਲ ਇਸਦੀ ਪਾਣੀ ਦੀ ਸਮਰੱਥਾ ਜਿੱਥੇ 1450 ਕਿਊਸਕ ਹੋ ਗਈ ਹੈ, ਉੱਥੇ ਹੀ ਨਹਿਰ ਰਾਹੀਂ ਹੁਣ 2 ਲੱਖ ਹੈਕਟੇਅਰ ਰਕਬੇ ਵਿਚ ਸਿੰਚਾਈ ਹੋਵੇਗੀ। ਜ਼ਿਕਰਯੋਗ ਹੈ ਕਿ  ਨਵੀਨੀਕਰਨ ਤੋਂ ਪਹਿਲਾਂ ਇਸ ਨਹਿਰ ਦੀ ਸਿੰਚਾਈ ਸਮਰੱਥਾ ਕੇਵਲ 35 ਹਜ਼ਾਰ ਹੈਕਟੇਅਰ ਰਹਿ  ਗਈ ਸੀ। ਇਸ ਨਹਿਰ ਦੀਆਂ ਦੋ ਬਰਾਂਚਾਂ ਸਮੇਤ ਲੰਬਾਈ 801 ਕਿਲੋਮੀਟਰ ਹੈ, ਜੋ ਕਿ ਅੱਗੋਂ 14 ਡਿਸਟੀਬਿਊਟਰੀਆਂ ਤੇ 39 ਮਾਈਨਰਾਂ ਵਿਚ ਵੰਡੀ ਹੋਈ ਹੈ। ਜਲੰਧਰ ਸਮੇਤ ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਕਪੂਰਥਲਾ ਜਿਲਿਆਂ ਵਿਚ ਸਿੰਚਾਈ ਲਈ ਸਭ ਤੋਂ ਮਹੱਤਵਪੂਰਨ ਸਾਧਨ ਬਿਸਤ ਦੋਆਬ ਨਹਿਰ ਦੇ ਤਲ ਨੂੰ ਕੱਚਾ ਰੱਖਿਆ ਗਿਆ ਹੈ ਤਾਂ ਜੋ ਇਸ ਨਾਲ ਜ਼ਮੀਨ ਹੇਠਾਂ ਪਾਣੀ ਰਿਚਾਰਜ ਵੀ ਹੋ ਸਕੇ।