ਹਾਲ ਏ ਪੰਜਾਬ.. ਉਂਞ ਸਭ ਠੀਕ ਠਾਕ ਹੈ..

ਪਰ ਵਾਪਰ ਰਹੀਆਂ ਨੇ ‘ਕੁਝ ਕੁ’ ਹਿੰਸਕ ਵਾਰਦਾਤਾਂ
-ਅਮਨਦੀਪ ਹਾਂਸ
ਪੰਜਾਬ ‘ਚ ਚੋਣ ਮਹੌਲ ਹੈ, ਪ੍ਰਸ਼ਾਸਨ ਲਸੰਸਸ਼ੁਦਾ ਹਥਿਆਰ ਜਮਾ ਕਰਵਾਉਣ ਲਈ ਸਰਗਰਮ ਹੈ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਧੜਾਧੜ ਹਥਿਆਰ ਜਮਾ ਕਰਵਾਏ ਜਾ ਰਹੇ ਨੇ, ਸੱਚਾਈ ਜੱਗ ਜ਼ਾਹਰ ਹੈ..
ਹਾਲੇ ਲੁਧਿਆਣਾ ਦੇ ਅਮਨ ਚਿਕਨ ਕਾਰਨਰ ਦੇ ਮਾਲਕ ਤੇ ਹੋਰਨਾਂ ‘ਤੇ ਹਮਲੇ ਵਾਲਾ ਮਾਮਲਾ ਠੰਡਾ ਨਹੀਂ ਪਿਆ ਕਿ ਲੁਧਿਆਣਾ ਸ਼ਹਿਰ ਵਿੱਚ ਇਕ ਹੋਰ ਵਾਰਦਾਤ ਵਾਪਰ ਗਈ। ਸ਼ਹਿਰ ਦੇ ਸਰਾਭਾ ਨਗਰ ਵਿੱਚ ਇਕ ਢਾਬੇ ‘ਤੇ ਰਾਤ ਇਕ ਪ੍ਰਾਪਰਟੀ ਡੀਲਰ ਆਪਣੇ ਦੋਸਤਾਂ ਨਾਲ ਰੋਟੀ ਖਾਣ ਗਿਆ ਤਾਂ ਕੁਰਸੀਆਂ ਘੱਟ ਹੋਣ ਕਰਕੇ ਨਾਲ ਵਾਲੇ ਟੇਬਲ ਕੋਲੋਂ ਕੁਰਸੀ ਚੁੱਕ ਲਈ, ਇਸੇ ‘ਤੇ ਓਥੇ ਮੌਜੂਦ ਕੁਝ ਲੋਕਾਂ ਨੇ ਪ੍ਰਾਪਰਟੀ ਡੀਲਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ, ਤੇ ਬਹਿਸ ਹਿੰਸਕ ਝੜਪ ਦਾ ਰੂਪ ਲੈ ਗਈ. ਪ੍ਰਾਪਰਟੀ ਡੀਲਰ ‘ਤੇ ਗੋਲੀ ਚਲਾ ਦਿੱਤੀ ਗਈ ਤੇ ਮੁਲਜ਼ਮ ਫਰਾਰ ਹੋ ਗਏ। ਪ੍ਰਾਪਰਟੀ ਡੀਲਰ ਜ਼ਖਮੀ ਹੈ।
ਘਟਨਾ ਰਾਤ ਸਾਢੇ ਨੌਂ ਵਜੇ ਕਰੀਬ ਵਾਪਰੀ।
ਇਕ ਪਾਸੇ ਨਾਭਾ ਜੇਲ ਕਾਂਡ ਮਗਰੋਂ ਸੂਬੇ ਭਰ ਵਿੱਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ, ਤੇ ਦੂਜੇ ਪਾਸੇ ਹਰ ਦਿਨ ਸਰੇਆਮ ਹਥਿਆਰਾਂ ਨਾਲ ਹਮਲਿਆਂ ਦੀਆਂ ਖਬਰਾਂ ਨਸ਼ਰ ਹੁੰਦੀਆਂ ਨੇ..
ਭਾਜਪਾ ਨੇਤਾ ‘ਤੇ ਹਮਲਾ
ਹੁਸ਼ਿਆਰਪੁਰ ਵਿੱਚ ਕੱਲ ਸਵੇਰੇ 11 ਕੁ ਵਜੇ ਬਜਵਾੜਾ ਦੇ ਕੋਲ ਕੁਝ ਹਥਿਆਰਬੰਦ ਨੌਜਵਾਨਾਂ ਨੇ ਭਾਜਪਾ ਨੇਤਾ ਦਲਜੀਤ ਸਿੰਘ ਬਾਗੀ ‘ਤੇ ਹਮਲਾ ਕਰ ਦਿੱਤਾ, ਉਹਨਾਂ ਦੀ ਲੱਤ ਤੋੜ ਦਿੱਤੀ. ਤੇ ਕਾਰ ਖੋਹ ਕੇ ਫਰਾਰ ਹੋ ਗਏ। ਬਾਗੀ ਦੇ ਸਰੀਰ ‘ਤੇ 20-25 ਜ਼ਖਮ ਹਨ, ਉਹ ਡੀ ਐਮ ਸੀ ਲੁਧਿਆਣਾ ਦਾਖਲ ਹੈ, ਪਰ ਉਹਨਾਂ ਨੇ ਪੁਲਿਸ ਨੂੰ ਨਾ ਤਾਂ ਸ਼ਿਕਾਇਤ ਕੀਤੀ ਹੈ ਤੇ ਨਾ ਹੀ ਕੋਈ ਬਿਆਨ ਦਿੱਤਾ ਹੈ। ਪਰ ਸਰੇਆਮ ਹੋਏ ਇਸ ਹਮਲੇ ਕਾਰਨ ਇਲਾਕੇ ਦੇ ਲੋਕ ਦਹਿਸ਼ਤ ਵਿੱਚ ਹਨ।
ਕੈਪਟਨ ਦੀ ਰਿਹਾਇਸ਼ ਮੂਹਰੇ ਕੁੱਟ-ਕੁਟਾਪਾ
ਓਧਰ ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਐਨ ਸਾਹਮਣੇ ਕੱਲ ਸਾਢੇ 12 ਵਜੇ ਕਾਂਗਰਸ ਜੁਆਇਨ ਕਰਨ ਆਏ ਵਿਦਿਆਰਥੀਆਂ ‘ਤੇ 15 ਦੇ ਕਰੀਬ ਵਿਅਕਤੀਆਂ ਨੇ ਬੋਤਲਾਂ, ਤਲਵਾਰਾਂ, ਰਾਡਾਂ ਨਾਲ ਹਮਲਾ ਕਰ ਦਿੱਤਾ। ਇਕ ਨੌਜਵਾਨ ਪ੍ਰਿੰਸ ਗੰਭੀਰ ਜ਼ਖਮੀ ਹੋ ਹਿਆ। ਹੋਰਨਾਂ ਨੂੰ ਵੀ ਕੁਝ ਸੱਟਾਂ ਵੱਜੀਆਂ, ਹਮਲਾਵਰਾਂ ਨੇ ਕਾਂਗਰਸ ਦੀ ਸਿਟਿੰਗ ਐਮ ਐਲ ਏ ਬੀਬੀ ਪਰਨੀਤ ਕੌਰ ਦੀ ਗੱਡੀ ‘ਤੇ ਵੀ ਪਥਰਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਉਹਨਾਂ ਨੂੰ ਸੁਰੱਖਿਅਤ ਕੱਢ ਕੇ ਲੈ ਗਈ। ਜ਼ਖਮੀ ਨੌਜਵਾਨ ਪਿੰ੍ਰਸ ਪਹਿਲਾਂ ਅਕਾਲੀ ਦਲ ਬਾਦਲ ਦੀ ਸਮਰਥਕ ਪੰਜਾਬ ਸਟੂਡੈਂਟਸ ਫੈਡਰੇਸ਼ਨ ਨਾਲ ਜੁੜਿਆ ਰਿਹਾ, ਕੁਝ ਚਿਰ ਪਹਿਲਾਂ ਪਿੰ੍ਰਸ ਤੇ ਸਾਥੀਆਂ ਨੇ ਅਜ਼ਾਦ ਗਰੁੱਪ ਬਣਾ ਲਿਆ ਸੀ, ਤੇ ਕੱਲ 100 ਦੇ ਕਰੀਬ ਵਿਦਿਆਰਥੀ ਗੁਰਵਿੰਦਰ ਜ਼ੈਲਦਾਰ ਦੀ ਅਗਵਾਈ ਵਿੱਚ ਕਾਂਗਰਸ ਜੁਆਇਨ ਕਰਨ ਜਾ ਰਹੇ ਸਨ ਕਿ ਹਮਲੇ ਦਾ ਸ਼ਿਕਾਰ ਹੋ ਗਏ। ਸਾਰੇ ਕੈਪਟਨ ਦੀ ਰਿਹਾਇਸ਼ ਕੋਲ ਬੀਬੀ ਪਰਨੀਤ ਕੌਰ ਦਾ ਇੰਤਜ਼ਾਰ ਕਰ ਰਹੇ ਸਨ, ਜੋ ਘਾਹ ਮੰਡੀ ਵਿੱਚ ਰੈਲੀ ਕਰਨ ਗਈ ਸੀ। ਬੀਬੀ ਪਰਨੀਤ ਕੌਰ ਨੇ ਹਮਲੇ ਪਿੱਛੇ ਹਲਕੇ ਦੇ ਅਕਾਲੀ ਇੰਚਾਰਜ ਭਗਵਾਨ ਦਾਸ ਜੁਨੇਜਾ ਦੇ ਫਰਜ਼ੰਦ ਹਰਪਾਲ ਸਿੰਘ ਨੂੰ ਜ਼ਿਮੇਵਾਰ ਕਿਹਾ ਹੈ, ਪਰ ਹਰਪਾਲ ਸਿੰਘ ਨੇ ਕਿਹਾ ਹੈ ਕਿ ਸਾਡਾ ਹਮਲੇ ਨਾਲ ਕੋਈ ਲੈਣ ਦੇਣ ਨਹੀਂ।
.. ਬਾਕੀ ਸਭ ਠੀਕ ਠਾਕ ਹੈ, ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲ ਨਹੀਂ..
ਕਿਉਂਕਿ ਇਸ ਮੁਲਕ ‘ਚ ਸਵਾਲ ਕਰਨਾ ਮਨਾ ਹੈ।