ਇਕ ਗੁੱਤ ਕਰਨ ‘ਤੇ ਵਿਦਿਆਰਥਣ ਦੇ ਵਾਲ਼ ਕੱਟ ਦਿੱਤੇ

-ਪੰਜਾਬੀਲੋਕ ਬਿਊਰੋ
ਗੁਰਦਾਸਪੁਰ ਜ਼ਿਲੇ ਦੇ ਕਸਬਾ ਦੀਨਾਨਗਰ ਦੇ ਪ੍ਰਾਈਵੇਟ ਸਕੂਲ ਵਿੱਚ ਵਿਦਿਆਰਥਣ ਦੇ ਜਬਰੀ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਮਦਰ ਪ੍ਰਾਈਡ ਮਾਡਰਨ ਸਕੂਲ ਵਿੱਚ ਪੜਦੀ ਤੀਸਰੀ ਜਮਾਤ ਦੀ ਵਿਦਿਆਰਥਣ ਦੇ ਵਾਲ ਸਕੂਲ ਦੇ ਪ੍ਰਬੰਧਕਾਂ ਨੇ ਇਸ ਕਰਕੇ ਕੱਟ ਦਿੱਤੇ ਕਿਉਂਕਿ ਉਸ ਨੇ ਸਕੂਲ ਦੇ ਨਿਯਮਾਂ ਮੁਤਾਬਕ ਦੋ ਗੁੱਤਾਂ ਦੀ ਬਜਾਏ ਇੱਕ ਗੁੱਤ ਕੀਤੀ ਹੋਈ ਸੀ। ਬੱਚੀ ਦੀ ਮਾਂ ਰਾਜਵੰਤ ਕੌਰ ਮੁਤਾਬਕ ਬੱਚੀ ਸਕੂਲ ਤੋਂ ਲੇਟ ਹੋ ਰਹੀ ਸੀ।  ਜਲਦਬਾਜ਼ੀ ਵਿੱਚ ਉਹ ਇੱਕ ਗੁੱਤ ਕਰਕੇ ਹੀ ਚਲੀ ਗਈ।  ਜਦੋਂ ਇਸ ਬਾਰੇ ਸਕੂਲ ਦੇ ਡਾਇਰੈਕਟਰ ਸੰਜੇ ਮਹਾਜਨ ਤੇ ਉਸ ਦੇ ਲੜਕੇ ਨੂੰ ਪਤਾ ਲੱਗਿਆ ਤਾਂ ਉਹਨਾਂ ਇਸ ਨੂੰ ਸਕੂਲ ਨਿਯਮਾਂ ਦੇ ਉਲਟ ਮੰਨਦਿਆਂ ਸਜ਼ਾ ਦੇਣ ਲਈ ਬੱਚੀ ਦੇ ਜਬਰੀ ਵਾਲ ਕੱਟ ਦਿੱਤੇ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਉਸ ਉਤੇ ਵਿਰੋਧ ਪ੍ਰਗਟਾਇਆ।  ਸਿੱਖ ਜਥੇਬੰਦੀਆਂ ਨੇ ਥਾਣਾ ਚੌਕ ਵਿੱਚ ਧਰਨਾ ਲਾ ਦਿੱਤਾ ਤੇ ਚੱਕਾ ਜਾਮ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।  ਵਿਵਾਦ ਹੋਣ ਤੋਂ ਬਾਅਦ ਦੀਨਾਨਗਰ ਪੁਲਿਸ ਨੇ ਲੜਕੀ ਦੇ ਮਾਪਿਆਂ ਦੀ ਸ਼ਿਕਾਇਤ ਉਤੇ ਸਕੂਲ ਦੇ ਡਾਇਰੈਕਟਰ ਸੰਜੇ ਮਹਾਜਨ, ਉਸ ਦੇ ਲੜਕੇ ਪਿਯੂਸ਼ ਮਹਾਜਨ ਤੇ ਪਤਨੀ ਪ੍ਰਿੰਸੀਪਲ ਰਜਨੀ ਮਹਾਜਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਸਕੂਲ ਪ੍ਰਬੰਧਕਾਂ ਨੇ  ਇਸ ਪੂਰੇ ਵਿਵਾਦ ਉਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।