ਇਕ ਸੀ ਨਿਰਭਯਾ..

– ਅਮਨਦੀਪ ਹਾਂਸ
ਅੱਜ 16 ਦਸੰਬਰ ਨੂੰ ਨਿਰਭਯਾ ਰੇਪ ਕਾਂਡ ਦੇ 4 ਸਾਲ ਪੂਰੇ ਹੋ ਰਹੇ ਨੇ, ਇਨਸਾਫ ਹਾਲੇ ਬਾਕੀ ਹੈ। ਪੂਰੀ ਦੁਨੀਆ ਨੂੰ ਦਹਿਲਾਅ ਕੇ ਰੱਖ ਦੇਣ ਵਾਲੇ ਇਸ ਸੰਗੀਨ ਕਾਂਡ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਹੈ, ਪਹਿਲੇ ਕੁਝ ਸਮੇਂ ਦੌਰਾਨ ਨਿਰਭਯਾ ਦੇ ਮਾਪਿਆਂ ਦੇ ਨਾਲ ਲੱਖਾਂ ਲੋਕ ਖੜੇ ਸਨ, ਅੱਜ ਮਾਪੇ ਇਕੱਲੇ ਹੀ ਆਪਣੀ ਬੱਚੀ ਨੂੰ ਇਨਸਾਫ ਦਿਵਾਉਣ ਲਈ ਜੰਗ ਲੜ ਰਹੇ ਨੇ। ਬੇਹੱਦ ਪੀੜ ਨਾਲ ਮਾਂ ਆਖਦੀ ਹੈ ਕਿ ਲੋਕਾਂ ਤੋਂ ਲੈ ਕੇ ਮੰਤਰੀਆਂ ਤੱਕ ਸਭ ਨੇ ਮਦਦ ਦਾ ਵਾਅਦਾ ਕੀਤਾ ਪਰ ਅੱਜ ਨਿਰਭਯਾ ਨੂੰ ਇਨਸਾਫ ਦਿਵਾਉਣ ਵਾਲੇ ਪਾਸੇ ਦਸ ਬੰਦੇ ਨੇ ਤੇ ਦੋਸ਼ੀਆਂ ਦੀ ਫਾਂਸੀ ਮਾਫ ਕਰਵਾਉਣ ਵਾਲੇ ਪਾਸੇ 100 ਬੰਦਾ ਹੈ। ਪਹਿਲਾਂ ਲੋਅਰ ਕੋਰਟ, ਫੇਰ ਹਾਈਕੋਰਟ, ਤੇ ਹੁਣ ਸੁਪਰੀਮ ਕੋਰਟ ਵਿੱਚ ਅਸੀਂ ਹਰ ਸੁਣਵਾਈ ਮੌਕੇ ਆਪਣੇ ਜ਼ਖਮ ਛਿਲਾਉਂਦੇ ਹਾਂ, ਪਰ ਇਨਸਾਫ ਮਿਲਣ ਤੱਕ ਲੜਦੇ ਰਹਾਂਗੇ, ਨਹੀਂ ਤਾਂ ਧੀ ਆਖੂ ਮਾਂ-ਪਾਪਾ ਹਾਰ ਗਏ?
ਪਿਤਾ ਬਦਰੀਨਾਥ ਲਹੂ ਦੇ ਅੱਥਰੂ ਰੋਂਦਾ ਹੈ, ਆਖਦਾ ਹੈ, ਇਕ ਕੰਪਨੀ ‘ਚ ਨੌਕਰੀ ਕਰਦਾਂ, ਕੋਰਟ ਦੀ ਸੁਣਵਾਈ ਲਈ ਹਰ ਹਫਤੇ ਛੁੱਟੀ ਕਰਨੀ ਪੈਂਦੀ ਹੈ, ਪੈਸੇ ਵੀ ਕੱਟੇ ਜਾਂਦੇ ਨੇ, ਤੇ ਹੋਰ ਮੁਸ਼ਕਲਾਂ ਵੀ ਝੱਲਦੇ ਹਾਂ, ਅਸੀਂ ਧੀ ਗਵਾਈ, ਇਜ਼ੱਤ ਗਵਾਈ, ਫੇਰ ਵੀ ਇਉਂ ਲੱਗਦੈ, ਜਿਵੇਂ ਅਸੀਂ ਹੀ ਗੁਨਾਹਗਾਰ ਹੋਈਏ..।
ਦਿੱਲੀ ਸਰਕਾਰ ਨਾਲ ਪਰਿਵਾਰ ਨੂੰ ਸ਼ਿਕਵਾ ਹੈ, ਪੁੱਤ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਸ਼ਾਇਦ ਸਰਕਾਰ ਭੁੱਲ ਗਈ। ਇਸ ਤੋਂ ਵੱਡੀ ਨਰਾਜ਼ਗੀ ਤੇ ਦੁੱਖ ਉਦੋਂ ਹੋਇਆ ਜਦ ਦਿੱਲੀ ਸਰਕਾਰ ਨੇ ਨਿਰਭਯਾ ਦੇ ਨਬਾਲਗ ਮੁਲਜ਼ਮ ਨੂੰ ਰਿਹਾਅ ਹੋਣ ਮਗਰੋਂ ਸਿਲਾਈ ਮਸ਼ੀਨ ਤੇ 10 ਹਜ਼ਾਰ ਰੁਪਏ ਵਿੱਤੀ ਮਦਦ ਵਜੋਂ ਦਿੱਤੇ।
ਯੂ ਪੀ ਸਰਕਾਰ ਨੇ ਬੜੇ ਵਾਅਦੇ ਕੀਤੇ ਸਨ, ਪਿੰਡ ਵਿੱਚ ਹਸਪਤਾਲ ਤਾਂ ਵਾਅਦੇ ਮੁਤਾਬਕ ਬਣਾ ਦਿੱਤਾ, ਪਰ ਹਸਪਤਾਲ ਵਿੱਚ ਕੋਈ ਡਾਕਟਰ ਜਾਂ ਹੋਰ ਮੈਡੀਕਲ ਸਟਾਫ ਹੀ ਨਹੀਂ ਹੈ, ਮਾੜਾ ਮੋਟਾ ਫਰਨੀਚਰ ਤੇ ਬਿਲਡਿੰਗ ਖੜੀ ਹੈ, ਪਿੰਡ ਆਉਣ ਜਾਣ ਲਈ ਨਾ ਸੜਕ ਹੈ ਤੇ ਨਾ ਹੀ ਕੋਈ ਆਵਾਜਾਈ ਦਾ ਸਾਧਨ ਹੈ।
ਚਾਰ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਨਿਰਭਯਾ ਫੰਡ ਦੇ ਨਾਮ ‘ਤੇ 1000 ਕਰੋੜ ਰੁਪਏ ਰੱਖੇ ਸਨ, ਜੋ ਔਰਤਾਂ ਦੀ ਸੁਰੱਖਿਆ ਤੇ ਰੇਪ ਪੀੜਤਾਂ ਦੀ ਮਦਦ ਲਈ ਵਰਤੇ ਜਾਣੇ ਸਨ, ਹੁਣ ਇਹ ਰਕਮ 4 ਹਜ਼ਾਰ ਕਰੋੜ ਹੋ ਚੁੱਕੀ ਹੈ, ਪਰ ਹਾਲੇ ਤੱਕ ਇਸ ਦਾ 10 ਫੀਸਦੀ ਵੀ ਇਸਤੇਮਾਲ ਨਹੀਂ ਹੋਇਆ। ਕੇਂਦਰ ਨੇ ਇਸ ਰਕਮ ਵਿਚੋਂ 14 ਅਰਬ 4 ਕਰੋੜ 68 ਲੱਖ ਰੁਪਏ ਸੂਬਿਆਂ ਨੂੰ ਦਿੱਤੇ ਸਨ, ਪਰ ਕਿਸੇ ਸੂਬੇ ਨੇ ਇਹ ਰਕਮ ਵਰਤੀ ਹੀ ਨਹੀਂ ਤੇ ਕੇਂਦਰ ਨੂੰ ਵਾਪਸ ਮੋੜ ਦਿੱਤੀ।
ਨਿਰਭਯਾ ਦੇ ਮਾਪੇ ਆਖਦੇ ਨੇ ਕਿ ਸਾਫ ਹੈ ਕਿ ਔਰਤਾਂ ਦੀ ਆਬਰੂ ਪ੍ਰਤੀ ਸਰਕਾਰਾਂ ਕਿੰਨੀਆਂ ਕੁ ਗੰਭੀਰ ਨੇ, ਉਦੋਂ ਨਿਰਭਯਾ ਦੀ ਮੌਤ ਵੇਲੇ ਸਰਕਾਰਾਂ ਨੇ ਕਿਹਾ ਸੀ ਕਿ ਕਰੜਾ ਕਾਨੂੰਨ ਬਣਾਵਾਂਗੇ, ਪਰ ਅੱਜ ਦੇਖ ਲਓ ਅਸੀਂ ਹੀ ਕਟਹਿਰੇ ‘ਚ ਖੜੇ ਮਹਿਸੂਸ ਹੁੰਦੇ ਹਾਂ, ਰੇਪਿਸਟ ਸਿਲਾਈ ਮਸ਼ੀਨਾਂ ਲੈ ਰਹੇ ਨੇ, ਫਾਂਸੀ ਤੋਂ ਬਚਾਉਣ ਲਈ ਵੱਡੀ ਗਿਣਤੀ ਲੋਕ ਉਹਨਾਂ ਦੇ ਨਾਲ ਖੜੇ ਨੇ। ਦੇਸ਼ ਦੀਆਂ ਬੱਚੀਆਂ ਅੱਜ ਵੀ ਦਰਿੰਦਗੀ ਦਾ ਸ਼ਿਕਾਰ ਹੋ ਰਹੀਆਂ ਨੇ।
ਦੁਖੀ ਮਾਪੇ ਸਵਾਲ ਕਰਦੇ ਨੇ ਕਿ ਕਿੱਥੇ ਹੈ ਸਖਤ ਕਾਨੂੰਨ ਤੇ ਕਿੱਥੇ ਨੇ ਸਰਕਾਰਾਂ?? ਤੇ ਕਿੱਥੇ ਹੈ ਜਨਤਾ ਦਾ ਰੇਪਿਸਟਾਂ ਨੂੰ ਫਾਹੇ ਟੰਗਵਾਉਣ ਦੀ ਮੰਗ ਕਰਦਾ ਜਜ਼ਬਾ..??
ਪਰ ਜਨਾਬ ਐਸ ਮੁਲਕ ‘ਚ ਸਵਾਲ ਉਠਾਉਣਾ ਮਨਾ ਹੈ..
ਜਨਤਾ ਜਨਾਰਧਨ ਵੀ ਨਰਾਜ਼ ਹੋ ਜਾਂਦੀ ਹੈ..
ਖੈਰ ਮੂੰਹ ਆਈ ਬਾਤ ਨਾ ਰਹਿੰਦੀ ਹੈ..