ਕਾਂਗਰਸ ਦੀ ਸੂਚੀ ਜਾਰੀ ਹੁੰਦਿਆਂ ਈ ਪਿੜ ਮਘ ਪਿਆ

ਜ਼ੀਰਾ ਦਾ ਮੁਕਾਬਲਾ ਸਭ ਤੋਂ ਦਿਲਚਸਪ, ਤਿੰਨੇ ‘ਅਕਾਲੀ’
-ਪੰਜਾਬੀਲੋਕ ਬਿਊਰੋ
ਪੰਜਾਬ ਕਾਂਗਰਸ ਵਲੋਂ ਪਹਿਲੀ ਸੂਚੀ ਜਾਰੀ ਹੁੰਦਿਆਂ ਹੀ ਪ੍ਰਚਾਰ ਵਾਲਾ ਪਿੜ ਮਘ ਪਿਆ ਹੈ। ਬਠਿੰਡਾ ਸ਼ਹਿਰੀ ਸੀਟ ਤੋਂ ਮਨਪ੍ਰੀਤ ਬਾਦਲ ਦਾ ਐਲਾਨ ਹੋਣ ਉੱਤੇ ਖ਼ੁਸ਼ੀ ਉਹਨਾਂ ਦੇ ਚਿਹਰੇ ਉੱਤੇ ਸਾਫ਼ ਦੇਖੀ ਜਾ ਸਕਦੀ ਸੀ। ਆਪਣੇ ਤਾਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗੜ ਬਠਿੰਡਾ ਵਿੱਚ ਪਹੁੰਚੇ ਮਨਪ੍ਰੀਤ ਬਾਦਲ ਨੇ ਆਖਿਆ ਹੈ ਕਿ ਆਗਾਮੀ ਚੋਣਾਂ ਵਿੱਚ ਉਹਨਾਂ ਦਾ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ ਸਗੋਂ ਸੂਬੇ ਵਿੱਚ ਫੈਲੀ ਰਿਸ਼ਵਤਖ਼ੋਰੀ, ਬੇਰੁਜ਼ਗਾਰੀ, ਗ਼ਰੀਬੀ ਨਾਲ ਹੈ।

ਵਿਧਾਨ ਸਭਾ ਹਲਕਾ ਜ਼ੀਰਾ ਵਿਚ ਐਤਕੀਂ ਸਭ ਤੋਂ ਵੱਧ ਦਿਲਚਸਪ ਚੋਣ ਮੁਕਾਬਲਾ ਹੋਣ ਜਾ ਰਿਹਾ ਹੈ, ਤਿੰਨੇ ਉਮੀਦਵਾਰਾਂ ਦਾ ਅਕਾਲੀਆਂ ਨਾਲ ਸੰਬੰਧ ਹੈ,   ਬਾਦਲ ਦਲ ਵਲੋਂ 75 ਸਾਲਾ ਜਥੇ. ਹਰੀ ਸਿੰਘ ਜ਼ੀਰਾ, ਕਾਂਗਰਸ ਦੇ 31 ਸਾਲਾ ਕੁਲਬੀਰ ਸਿੰਘ ਜ਼ੀਰਾ ਜੋ ਕਿ ਸਾਬਕਾ ਅਕਾਲੀ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਫਰਜ਼ੰਦ ਹਨ, ਅਤੇ ਆਮ ਆਦਮੀ ਪਾਰਟੀ ਦੇ 30 ਸਾਲਾ ਗੁਰਪ੍ਰੀਤ ਸਿੰਘ ਗੋਰਾ ਜੋ ਕਿ 2 ਸਾਲ ਪਹਿਲਾਂ ਅਕਾਲੀ ਦਲ ਬਾਦਲ ਦੇ ਨਾਲ ਸੀ ਤੇ ਉਸਦੇ ਜਥੇਦਾਰ ਹਰੀ ਸਿੰਘ ਜ਼ੀਰਾ ਨਾਲ ਕਾਫੀ ਨਜ਼ਦੀਕੀ ਤੇ ਗਹਿਰੇ ਸਿਆਸੀ ਸਬੰਧ ਸਨ। ਹੁਣ ਆਪਸ ਵਿੱਚ ਮੁਕਾਬਲੇ ‘ਤੇ ਹਨ।