ਨੋਟਬੰਦੀ-ਸੰਸਦ ‘ਚ ਹੰਗਾਮਾ ਜਾਰੀ

ਕੈਸ਼ਲੈਸ ਭੁਗਤਾਨ ‘ਤੇ ਸਰਕਾਰ ਦੇਊ ਇਨਾਮ
-ਪੰਜਾਬੀਲੋਕ ਬਿਊਰੋ
ਨੋਟਬੰਦੀ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਲਗਾਤਾਰ ਹੰਗਾਮੇ ਹੋ ਰਹੇ ਹਨ, ਤੇ ਅੱਜ ਜਾਰੀ ਭਾਰੀ ਹੰਗਾਮੇ ਦੇ ਚੱਲਦਿਆਂ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਲੋਕ ਸਭਾ ਦੀ ਕਾਰਵਾਈ ਕੱਲ ਤੱਕ ਲਈ ਮੁਲਤਵੀ ਕਰ ਦਿੱਤੀ , ਓਧਰ ਰਾਜ ਸਭਾ ਦੀ ਕਾਰਵਾਈ ਵੀ ਮੁਲਤਵੀ ਕਰ ਦਿੱਤੀ ਗਈ। ਸਦਨ ਵਿੱਚ ਹੋ ਰਹੇ ਹੰਗਾਮੇ ਤੋਂ ਦੁਖੀ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਮੇਰਾ ਜੀਅ ਕਰਦਾ ਹੈ ਅਸਤੀਫਾ ਦੇ ਦਿਆਂ।
ਓਧਰ ਕੈਸ਼ਲੈੱਸ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਅੱਜ ਵੱਡਾ ਐਲਾਨ ਕੀਤਾ। ਸਰਕਾਰ ਨੇ ਡਿਜੀਟਲ ਭੁਗਤਾਨ ਕਰਨ ਵਾਲੇ ਗਾਹਕਾਂ ਲਈ ਲੱਕੀ ਡਰਾਅ ਸਕੀਮ ਦਾ ਐਲਾਨ ਕੀਤਾ। ਜਿਸ ਤਹਿਤ ਹਰ ਰੋਜ ਇਨਾਮ ਦਿੱਤਾ ਜਾਵੇਗਾ। ਸਭ ਤੋਂ ਵੱਡਾ ਇਨਾਮ 1 ਕਰੋੜ ਦਾ ਹੋਵੇਗਾ। 25 ਦਸੰਬਰ ਨੂੰ ਪਹਿਲਾ ਲੱਕੀ ਡਰਾਅ ਹੋਵੇਗਾ। ਨੀਤੀ ਆਯੋਗ ਦੇ ਸੀ.ਈ.ਓ. ਅਮਿਤਾਭ ਕਾਂਤ ਨੇ ਇਸ ਦਾ ਐਲਾਨ ਕਰਦੇ ਹੋਏ ਪੂਰੀ ਸਕੀਮ ਸਮਝਾਈ। ਕਾਂਤ ਨੇ ਕਿਹਾ ਕਿ ਲੱਕੀ ਗਾਹਕ ਯੋਜਨਾ ਤਹਿਤ ਗਾਹਕਾਂ ਨੂੰ ਪਹਿਲਾ ਇਨਾਮ 1 ਕਰੋੜ, ਦੂਸਰਾ 50 ਲੱਖ ਤੇ ਤੀਸਰਾ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਯੋਜਨਾ ਤਹਿਤ ਹਫਤਾਵਾਰੀ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। 15 ਹਜ਼ਾਰ ਗਾਹਕਾਂ ਨੂੰ ਹਰ ਰੋਜ 1000 ਰੁਪਏ ਦਾ ਇਨਾਮ ਮਿਲੇਗਾ। 14 ਅਪ੍ਰੈਲ ਤੱਕ ਡਿਜੀਟਲ ਭੁਗਤਾਨ ‘ਤੇ ਇਹ ਇਨਾਮ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਕੁੱਲ 340 ਕਰੋੜ ਦੀ ਯੋਜਨਾ ਹੈ। ਵਪਾਰੀਆਂ ਲਈ ਵੀ ਲੱਕੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਡਿਜੀ ਧਨ ਵਪਾਰੀ ਯੋਜਨਾ ਨਾਮ ਨਾਲ ਇਹ ਯੋਜਨਾ ‘ਚ ਵਪਾਰੀਆਂ ਨੂੰ ਇਨਾਮ ਦਿੱਤੇ ਜਾਣਗੇ।
ਕਾਲੇ ਧਨ ਵਾਲਿਆਂ ‘ਤੇ ਛਾਪਾਮਾਰੀਆਂ ਜਾਰੀਆਂ ਨੇ। ਨੋਇਡਾ ‘ਚ ਐਕਸਿਸ ਬੈਂਕ ਦੀ ਇਕ ਬਰਾਂਚ ਤੋਂ 20 ਫਰਜੀ ਬੈਂਕ ਖਾਤਿਆਂ ਦਾ ਪਤਾ ਚਲਿਆ ਹੈ।  ਜਿਸ ਵਿਚ ਨੋਟਬੰਦੀ ਤੋਂ ਬਾਅਦ ਉਹਨਾਂ ਵਿਚ 60 ਕਰੋੜ ਜਮਾਂ ਕਰਵਾਏ ਗਏ ਸਨ।  ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਇਸ ਬੈਂਕ ਨੇ 660 ਕਰੋੜ ਦੀ ਹੇਰਾਫੇਰੀ ਕੀਤੀ ਹੈ।
ਨੋਟਬੰਦੀ ਦੇ ਚੱਲਦਿਆਂ ਯੂ ਪੀ ਦੇ ਵਾਰਾਬਾਂਕੀ ਵਿੱਚ ਇਕ ਵਕੀਲ ਸ਼ਿਵ ਕੁਮਾਰ ਸ਼ੁਕਲਾ ਨੂੰ ਕਈ ਦਿਨ ਬੈਂਕ ਦੀ ਕਤਾਰ ਵਿੱਚ ਖੜੇ ਹੋਣ ਦੇ ਬਾਵਜੂਦ ਪੈਸੇ ਨਹੀਂ ਮਿਲੇ, ਵਕੀਲ ਸਾਹਿਬ ਐਨੇ ਨਰਾਜ਼ ਹੋਏ ਨੇ ਕਿ ਉਹਨਾਂ ਪੀ ਐਮ ਮੋਦੀ ਖਿਲਾਫ ਕੇਸ ਦਰਜ ਕਰਵਾ ਦਿੱਤਾ ਹੈ।