• Home »
  • ਅੱਜ ਦੀ ਖਬਰ
  • » ਖਟਾਰਾ ਗੱਡੀਆਂ ਤੇ ਜੰਗ ਲੱਗੇ ਹਥਿਆਰਾਂ ਨਾਲ ਲੈਸ ਪੰਜਾਬ ਪੁਲਿਸ

ਖਟਾਰਾ ਗੱਡੀਆਂ ਤੇ ਜੰਗ ਲੱਗੇ ਹਥਿਆਰਾਂ ਨਾਲ ਲੈਸ ਪੰਜਾਬ ਪੁਲਿਸ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਕਸਰ ਬਿਆਨ ਦਿੰਦੇ ਨੇ ਕਿ ਪੰਜਾਬ ਪੁਲਿਸ ਹਾਈਟੈਕ ਕਰ ਦਿੱਤੀ ਗਈ ਹੈ, ਜਿਸ ਕਰਕੇ ਸੂਬੇ ਦੀ ਕਾਨੂੰਨ-ਵਿਵਸਥਾ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਕਿਤੇ ਵਧੀਆ ਹੈ। ਪਰ ਹਕੀਕਤ ਵਿੱਚ ਹਾਲ ਇੰਨਾ ਮਾੜਾ ਹੈ ਕਿ ਪੁਲਸ ਦੀਆਂ ਅੱਖਾਂ ਸਾਹਮਣੇ ਹੀ ਵੱਡੀਆਂ ਵਾਰਦਾਤਾਂ ਹੋ ਜਾਂਦੀਆਂ ਹਨ। ਕਦੇ ਪੁਲਸ ਸਾਹਮਣੇ ਕੈਦੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਤਾਂ ਕਦੇ ਪੁਲਸ ਦੀਆਂ ਬੱਸਾਂ ‘ਚੋਂ ਕੈਦੀ ਫਰਾਰ ਹੋ ਜਾਂਦੇ ਹਨ। ਇਸ ਦੇ ਬਹੁਤ ਸਾਰੇ ਕਾਰਨ ਹਨ। ਪਹਿਲਾ ਕਾਰਨ ਤਾਂ ਇਹ ਹੈ ਕਿ ਪੰਜਾਬ ‘ਚ ਅੱਧੇ ਨਾਲੋਂ ਜ਼ਿਆਦਾ ਪੁਲਸ ਕਰਮਚਾਰੀ ਸਿਆਸੀ ਲੋਕਾਂ ਦੀ ਜੀ-ਹਜ਼ੂਰੀ ਕਰਦੇ ਹਨ, ਦੂਜਾ ਵਿਭਾਗ ਦੇ ਬਹੁਤੇ  ਵਾਹਨ ਖਟਾਰਾ ਹੋ ਚੁੱਕੇ ਹਨ, ਹੋਰ ਤਾਂ ਹੋਰ ਪੁਲਸ ਦੇ ਹਥਿਆਰਾਂ ਨੂੰ ਵੀ ਜੰਗ ਲੱਗ ਚੁੱਕਾ ਹੈ। ਇਸ ਦੀ ਮਿਸਾਲ ਪਠਾਨਕੋਟ ਦੇ ਦੀਨਾਨਗਰ ਥਾਣੇ ‘ਤੇ ਹੋਏ ਹਮਲੇ ਦੌਰਾਨ ਉਸ ਸਮੇਂ ਦੇਖਣ ਨੂੰ ਮਿਲੀ ਸੀ, ਜਦੋਂ ਅੱਤਵਾਦੀਆਂ ਅੱਗੇ ਕਈ ਪੁਲਸ ਮੁਲਾਜ਼ਮਾਂ ਦੇ ਪੁਰਾਣੇ ਹਥਿਆਰ ਹੀ ਨਹੀਂ ਚੱਲੇ ਸਨ। ਅਜਿਹੀ ਹਾਲਤ ਵਿੱਚ ਹਾਈਟੈਕ ਹੋਣ ਦੀਆਂ ਗੱਲਾਂ ਮਜ਼ਾਕ ਦਾ ਪਾਤਰ ਹੀ ਬਣਾਉਂਦੀਆਂ ਨੇ।