ਅਕਾਲੀਆਂ ਦੀ ਗੁੰਡਾਗਰਦੀ ਨਹੀਂ ਰੁਕ ਰਹੀ

ਢਾਬਾ ਮਾਲਕ ਤੇ ਸਟਾਫ ਦੀ ਕੀਤੀ ਕੁੱਟਮਾਰ
-ਪੰਜਾਬੀਲੋਕ ਬਿਊਰੋ
ਲੁਧਿਆਣਾ ਵਿੱਚ ਅਮਨ ਚਿਕਨ ਢਾਬੇ ਦੇ ਮਾਲਕ ਤੇ ਉਸ ਦੇ ਪੁੱਤਰਾਂ ‘ਤੇ ਅਕਾਲੀਆਂ ਨੇ ਹਮਲਾ ਕੀਤਾ। ਹਮਲਾਵਰ ਸੀ ਐਮ ਸ. ਪਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀਆਂ ਵਿਚੋਂ ਇਕ ਸਾਧੂ ਗੁਰਮੇਲ ਸਿੰਘ ਮੈਡੀਕਲ ਹਾਲ ਵਾਲੇ ਦੇ ਫਰਜ਼ੰਦ ਰਵਿੰਦਰ ਪਾਲ ਸਿੰਘ ਮਿੰਕੂ ਤੇ ਤਰਣਜੀਤ ਸਿੰਘ ਸਾਧੂ ਹਨ, ਜਿਹਨਾਂ ਨੇ ਆਪਣੇ ਹਥਿਆਰਬੰਦ ਸਾਥੀਆਂ ਨਾਲ ਮਿਲ ਕੇ ਢਾਬਾ ਮਾਲਕ , ਉਸ ਦੇ ਪੁੱਤਰਾਂ, ਤੇ ਢਾਬੇ ਦੇ ਵਰਕਰਾਂ ਨੂੰ ਸੜਕ ‘ਤੇ ਦੌੜਾਅ ਦੌੜਾਅ ਕੇ ਕੁੱਟਿਆ। ਉਸ ਦੀ ਦਸਤਾਰ ਵੀ ਲਾਹ ਦਿੱਤੀ। ਸਾਰੀ ਵਾਰਦਾਤ ਸੀ ਸੀ ਟੀ ਵੀ ਕੈਮਰਿਆਂ ‘ਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ, ਪਰ ਮਾਮੂਲੀ ਧਾਰਾਵਾਂ ਲਾ ਕੇ ਕਾਰਵਾਈ ਵਾਲੀਆਂ ਅੱਖਾਂ ਚੋਂਭਲ ਦਿੱਤੀਆਂ ਗਈਆਂ ਨੇ। ਪੀੜਤ ਢਾਬਾ ਮਾਲਕ ਨੇ ਸੋਸ਼ਲ ਮੀਡੀਆ ‘ਤੇ ਵਾਇਸ ਮੈਸੇਜ ਪੋਸਟ ਕੀਤਾ ਹੈ ਕਿ ਉਹ ਇਸ ਘਟਨਾ ਤੋਂ ਮਾਨਸਿਕ ਰੂਪ ਵਿੱਚ ਐਨਾ ਪ੍ਰੇਸ਼ਾਨ ਹੈ ਕਿ ਖੁਦਕੁਸ਼ੀ ਕਰਨ ਜਾ ਰਿਹਾ ਹੈ, ਉਸ ਮਗਰੋਂ ਉਹ ਲਾਪਤਾ ਹੈ। ਪੀੜਤ ਪਰਿਵਾਰ ਪੁਲਿਸ ਕਮਿਸ਼ਨਰ ਨੂੰ ਮਿਲਣ ਗਿਆ ਤਾਂ ਉਹਨਾਂ ਕੋਈ ਗੱਲ ਹੀ ਨਹੀਂ ਸੁਣੀ।
ਯਾਦ ਰਹੇ ਅਕਾਲੀਆਂ ਦੀ ਗੁੰਡਾਗਰਦੀ ਦਾ ਲਗਾਤਾਰ ਇਹ ਤੀਜਾ ਮਾਮਲਾ ਹੈ, ਪਹਿਲਾਂ ਬਠਿੰਡਾ ਜ਼ਿਲੇ ਦੇ ਵਿਰਕ ਕਲਾਂ ਪਿੰਡ ਵਿੱਚ ਇਕ ਪੁਲਿਸ ਮੁਲਾਜ਼ਮ ਨੂੰ ਕੁੱਟਮਾਰ ਕਰਕੇ ਨਿਰਵਸਤਰ ਕਰਕੇ ਘੁੰਮਾਇਆ ਗਿਆ, ਫੇਰ ਸੰਗਰੂਰ ਵਿੱਚ ਇਕ ਬਜ਼ੁਰਗ ਗ੍ਰੰਥੀ ਸਿੰਘ ਦੀ ਕੁੱਟਮਾਰ ਕੀਤੀ ਗਈ। ਤੇ ਹੁਣ ਆਹ ਲੁਧਿਆਣਾ ਵਿੱਚ ਘਟਨਾ ਵਾਪਰੀ ਹੈ, ਜਿੱਥੇ ਪੀੜਤ ਪਰਿਵਾਰ ਤੇ ਹਲਕਾ ਵਾਸੀਆਂ ਨੇ ਅੱਜ ਤੱਕ ਦਾ ਅਲਟੀਮੇਟਮ ਦਿੱਤਾ ਹੈ, ਕਿ ਜੇ ਅੱਜ ਦੋਸ਼ੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਸ਼ਹਿਰ ਵਿੱਚ ਰੋਸ ਵਿਖਾਵੇ ਕੀਤੇ ਜਾਣਗੇ, ਜਾਮ ਲਾਇਆ ਜਾਵੇਗਾ।