ਨਜਾਇਜ਼ ਫੀਸਾਂ ਵਸੂਲਣ ਵਾਲੇ ਸਕੂਲਾਂ ‘ਤੇ ਹੋਊ ਸਖਤੀ

-ਪੰਜਾਬੀਲੋਕ ਬਿਊਰੋ
ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ  ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲੀਆਂ ਜਾਂਦੀਆਂ ਨਾਜ਼ਾਇਜ਼ ਫੀਸਾਂ ਨੂੰ ਰੋਕਣ ਲਈ ਮਨਜ਼ੂਰ ਕੀਤੀ ਗਈ ਰੈਗੂਲੇਟਰੀ ਅਥਾਰਟੀ ਜਲਦ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਜਿਸ ਨਾਲ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਦੀ ਲੁੱਟ-ਖਸੁੱਟ ਨੂੰ ਸਖਤੀ  ਨਾਲ ਰੋਕਿਆ ਜਾ ਸਕੇਗਾ।  ਡਾ. ਚੀਮਾ ਨੇ ਮੀਡੀਆ ਵੱਲੋਂ ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲੀ ਜਾਂਦੀ  ਨਜ਼ਾਇਜ਼ ਫੀਸ ਨੂੰ ਰੋਕਣ ਲਈ ਸਰਕਾਰ ਵੱਲੋਂ ਉਠਾਏ ਜਾ ਰਹੇ ਕਦਮਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਨਜ਼ੂਰ ਰੈਗੂਲੇਟਰੀ ਅਥਾਰਟੀ ਤਹਿਤ ਡਿਵੀਜ਼ਨਲ ਪੱਧਰ ‘ਤੇ ਡਿਵੀਜ਼ਨਾਂ ਦੇ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਕਮੇਟੀਆਂ ਅਧਿਕਾਰਤ ਕੀਤੀਆਂ ਗਈਆਂ ਹਨ ਜੋ ਨਜ਼ਾਇਜ਼ ਫੀਸਾਂ ਵਸੂਲਣ ਦੇ ਅਜਿਹੇ ਮਾਮਲਿਆਂ ਦੀ ਸੁਣਵਾਈ 15 ਦਿਨਾਂ ਵਿੱਚ-ਵਿੱਚ ਕਰਨਗੀਆਂ ਅਤੇ ਹਰ ਅਜਿਹੇ ਮਾਮਲੇ ਦਾ ਮੁਕੰਮਲ ਨਿਪਟਾਰਾ 60 ਦਿਨਾਂ ਦੇ ਅੰਦਰ-ਅੰਦਰ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।  ਡਾ.ਚੀਮਾ ਨੇ ਕਿਹਾ ਕਿ ਨਾਜ਼ਾਇਸ ਫੀਸ ਵਸੂਲੇ ਜਾਣ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਜਾ ਕਿਸੇ ਵੀ ਵਿਅਕਤੀ ਵੱਲੋਂ ਕੀਤੀ ਅਜਿਹੀ ਸ਼ਿਕਾਇਤ ਸਹੀ ਸਾਬਤ ਹੁੰਦੀ ਹੈ ਤਾਂ ਸਬੰਧਤ  ਪ੍ਰਾਈਵੇਟ ਸਕੂਲ ਨੂੰ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਮਾਮਲੇ ਦੀ ਗੰਭੀਰਤਾ ਅਨੁਸਾਰ ਉਸਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ।