ਅਕਾਲੀ ਆਲੀਵਾਲ ਤੇ ਆਪ ਦੇ ਗੁਪਤਾ ਕਾਂਗਰਸੀ ਹੋ ਗਏ

-ਪੰਜਾਬੀਲੋਕ ਬਿਊਰੋ
ਚੋਣਾਂ ਦੇ ਨੇੜੇ ਜਾ ਕੇ ਪਾਰਟੀਆਂ ਵਿੱਚ ਜੋੜ ਤੋੜ ਦੀ ਰਫਤਾਰ ਤੇਜ਼ ਹੁੰਦੀ ਜਾ ਰਹੀ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਨਵੀਂ ਦਿੱਲੀ ‘ਚ 7 ਜਨਪਥ ਵਿਖੇ ਹੋਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸਾਬਕਾ ਮੈਂਬਰ ਪਾਰਲੀਮੈਂਟ ਸ. ਅਮਰੀਕ ਸਿੰਘ ਆਲੀਵਾਲ ਅਤੇ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਸੀਨੀਅਰ ਆਗੂ ਅਤੇ ਉਘੇ ਸਮਾਜ ਸੇਵਕ ਮਹੇਸ਼ ਗੁਪਤਾ ਤੇ ਗੁਰਬੰਸ ਸਿੰਘ ਪੂੰਨੀਆਂ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਮਹੇਸ਼ ਗੁਪਤਾ ਦਾ ਅਗਰਵਾਲ ਸਮਾਜ ਵਿੱਚ ਬੜਾ ਨਾਮ ਹੈ ਅਤੇ ਉਹ ਇੰਟਰਨੈਸ਼ਨਲ ਵੈਸ਼ ਫੈਡਰੇਸ਼ਨ ਪੰਜਾਬ ਇਕਾਈ ਦੇ ਜਨਰਲ ਸਕੱਤਰ ਹਨ।  ਇਸ ਮੌਕੇ ਅਮਰੀਕ ਸਿੰਘ ਆਲੀਵਾਲ ਨੇ ਕਿਹਾ ਕਿ ਅਕਾਲੀ ਦਲ ਵਿੱਚ ਸਿਰਫ ਪਰਿਵਾਰਵਾਦ ਦੀ ਹੀ ਰਾਜਨੀਤੀ ਹੋ ਰਹੀ ਹੈ, ਜਿਸ ਕਰਕੇ ਟਕਸਾਲੀ ਆਗੂਆਂ ਦੀ ਅਣਦੇਖੀ ਹੋ ਰਹੀ ਹੈ।  ਮਹੇਸ਼ ਗੁਪਤਾ ਤੇ ਗੁਰਬੰਸ ਸਿੰਘ ਪੂੰਨੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਰਹਿ ਕੇ ਉਹਨਾ ਨੇ ਪੂਰੀ ਮਿਹਨਤ ਕਰਕੇ ਕਈ ਰੈਲੀਆਂ ਕਰਵਾਈਆਂ ਪਰ ਉਥੇ ਟਿਕਟਾਂ ਵਿਕਣੀਆਂ ਸ਼ੁਰੂ ਹੋ ਗਈਆਂ, ਜਿਸ ਕਰਕੇ ਉਹ ਕੈਪਟਨ ਦੀਆਂ ਸਾਫ ਤੇ ਸਪੱਸ਼ਟ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।