ਆਰ ਬੀ ਆਈ ਦਾ ਅਫਸਰ ਕਰਦਾ ਰਿਹਾ ਨੋਟ ਐਕਸਚੇਂਜ

-ਪੰਜਾਬੀਲੋਕ ਬਿਊਰੋ
ਨੋਟਬੰਦੀ ਤੋਂ ਬਾਅਦ ਬਲੈਕਮਨੀ ਨੂੰ ਲੈ ਕੇ ਦੇਸ਼ ਭਰ ਵਿੱਚ ਇਨਕਮ ਟੈਕਸ ਵਿਭਾਗ  ,  ਇਨਫ਼ੋਰਸਮੈਂਟ ਡਾਇਰੈਕਟੋਰੇਟ ਅਤੇ ਸੀ ਬੀ ਆਈ  ਦੇ ਛਾਪੇ ਪੈ ਰਹੇ ਹਨ। ਇਹਨਾਂ ਏਜੰਸੀਆਂ ਨੂੰ ਪਿਛਲੇ 24 ਘੰਟੇ ਵਿੱਚ ਤਿੰਨ ਵੱਡੀਆਂ ਕਾਮਯਾਬੀਆਂ ਮਿਲੀਆਂ ਹਨ। ਸੀ ਬੀ ਆਈ ਨੇ ਅੱਜ ਆਰ ਬੀ ਆਈ  ਦੇ ਇੱਕ ਸੀਨੀਅਰ ਅਫਸਰ ਨੂੰ ਗ਼ੈਰਕਾਨੂੰਨੀ ਢੰਗ ਨਾਲ ਨੋਟ ਐਕਸਚੇਂਜ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ ।   ਇਕ ਹਵਾਲਾ ਕਾਰੋਬਾਰੀ ਕੇ ਸੀ ਵੀਰੇਂਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗਲਤ ਤਰੀਕੇ ਨਾਲ ਨੋਟ ਐਕਸਚੇਂਜ  ਦੇ ਇਲਜ਼ਾਮ ਵਿੱਚ ਚਾਰ ਬੈਂਕ ਅਫਸਰਾਂ  ਦੇ ਖਿਲਾਫ ਕੇਸ ਦਰਜ ਕੀਤਾ ਗਿਆ ।   ਵੱਖਰੀ ਕਾਰਵਾਈ ਵਿੱਚ ਈ ਡੀ ਨੇ 93 ਲੱਖ ਰੁਪਏ  ਦੇ ਨਵੇਂ ਨੋਟ ਜਬਤ ਕਰਕੇ 7 ਲੋਕਾਂ ਨੂੰ ਅਰੈਸਟ ਕੀਤਾ ਹੈ। ਥਾਂ ਥਾਂ ਤੋਂ ਫੜੇ ਜਾ ਰਹੇ ਨਵੇਂ ਨੋਟਾਂ ਬਾਰੇ ਸ਼ੰਕਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਆਰ ਬੀ ਆਈ ਦੇ ਅਧਿਕਾਰੀ ਹੀ ਇਸ ਵਿੱਚ ਸ਼ਾਮਲ ਹਨ, ਜਿਹਨਾਂ ‘ਤੇ ਸਖਤੀ ਕੀਤੀ ਜਾ ਰਹੀ ਹੈ।
ਅੱਜ ਨੋਟਬੰਦੀ ਨੂੰ ਲੈ ਕੇ ਦਿੱਲੀ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਨੋਟ ਬੰਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਵੱਲੋਂ 50 ਦਿਨਾਂ ਵਿੱਚ ਸਭ ਕੁਝ ਠੀਕ ਹੋਣ ਦੇ ਦਾਅਵੇ ਉੱਤੇ ਵੀ ਸਵਾਲ ਚੁੱਕੇ ਹਨ।  ਉਹਨਾਂ ਆਖਿਆ ਕਿ ਦੇਸ਼ ਦੀ ਸਥਿਤੀ ਠੀਕ ਹੋਣ ਵਿੱਚ ਘੱਟੋ ਘੱਟ 7 ਮਹੀਨੇ ਦਾ ਸਮਾਂ ਲੱਗ ਜਾਵੇਗਾ। ਸਾਬਕਾ ਵਿੱਤ ਮੰਤਰੀ ਨੇ ਆਖਿਆ ਕਿ ਸਰਕਾਰ ਦਾ ਫ਼ੈਸਲਾ ਖੋਦਿਆ ਪਹਾੜ, ਨਿਕਲਿਆ ਚੂਹੇ ਵਰਗਾ ਹੈ। ਉਹਨਾਂ ਆਖਿਆ ਕਿ ਨੋਟ ਬੰਦੀ ਨਾ ਕਾਲਾ ਧਨ ਰੁਕਿਆ ਹੈ ਅਤੇ ਨਾ  ਹੀ ਭ੍ਰਿਸ਼ਟਾਚਾਰ।  ਨੋਟ ਬੰਦੀ ਨੂੰ ਮੂਰਖਤਾ ਪੂਰਨ ਫ਼ੈਸਲਾ ਕਰਾਰ ਦਿੰਦਿਆਂ ਸਾਬਕਾ ਮੰਤਰੀ ਨੇ ਆਖਿਆ ਕਿ ਇਸ ਨੇ ਗ਼ਰੀਬ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।  ਦੇਸ਼ ਦੇ ਅਰਥ ਸ਼ਾਸਤਰੀ ਸਰਕਾਰ ਦੇ ਫ਼ੈਸਲੇ ਦੀ ਖ਼ੁਦ ਅਲੋਚਨਾ ਕਰ ਰਹੇ ਹਨ। ਪੀ ਚਿਦੰਬਰਮ ਨੇ ਆਖਿਆ ਕਿ ਨੋਟ ਬੰਦੀ ਪੂਰੀ ਤਰਾਂ ਫ਼ੇਲ ਸਾਬਤ ਹੋਈ ਹੈ ਇਸ ਲਈ ਸਰਕਾਰ ਨਿੱਤ ਆਪਣੇ ਆਦੇਸ਼ ਬਦਲ ਰਹੀ ਹੈ।  ਉਹਨਾਂ ਇੱਕ ਵਿਅਕਤੀ ਨੂੰ 24000 ਰੁਪਏ ਕੈਸ਼ ਲਿਮਟ ਦੇਣ ਦੇ ਸਰਕਾਰੀ ਆਦੇਸ਼ ਉੱਤੇ ਸਵਾਲ ਖੜੇ ਕੀਤੇ।  ਉਹਨਾਂ ਆਖਿਆ ਕਿ ਸਰਕਾਰ ਕਿਸ ਆਧਾਰ ਉੱਤੇ ਕੈਸ਼ ਲਿਮਟ ਤੈਅ ਕਰ ਰਹੀ ਹੈ।