ਵਰਦਾ ਤੂਫਾਨ ਦੇ ਡਰੋਂ ਅਲਰਟ ਜਾਰੀ

-ਪੰਜਾਬੀਲੋਕ ਬਿਊਰੋ
ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੇ ਸਮੁੰਦਰੀ ਇਲਾਕਿਆਂ ‘ਚ ਚੱਕਰਵਰਤੀ ‘ਵਰਦਾ’ ਤੂਫ਼ਾਨ ਕਾਰਨ ਹਾਈ ਅਲਰਟ ਜਾਰੀ ਕੀਤਾ ਗਿਆ ਹੈ।  ਪੀ.ਟੀ.ਆਈ. ਅਨੁਸਾਰ ਵਰਦਾ ਤੂਫ਼ਾਨ ਚੇਨਈ ਪਹੁੰਚ ਗਿਆ ਹੈ।  ਇਸ ਤੂਫ਼ਾਨ ਕਾਰਨ ਦੋ ਲੋਕਾਂ ਦੀ ਮੌਤ ਵੀ ਹੋਈ ਹੈ।  ਤੂਫ਼ਾਨ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਹੈ।  ਇਸ ਦੇ ਨਾਲ ਹੀ ਚੇਨਈ ਆਉਣ ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।  ਤੂਫ਼ਾਨ ਨੂੰ ਦੇਖਦੇ ਹੋਏ ਚੇਨਈ ਦੇ ਸਾਰੇ ਸਕੂਲਾਂ ਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ।  ਇਸ ਤੋਂ ਇਲਾਵਾ ਜਿਨਾਂ ਵਿੱਦਿਅਕ ਅਦਾਰਿਆਂ ਦੀਆਂ ਪ੍ਰੀਖਿਆਵਾਂ ਹਨ, ਉਹ ਫ਼ਿਲਹਾਲ ਮੁਲਤਵੀ ਕਰ ਦਿੱਤੀਆਂ ਗਈਆਂ ਹਨ।  ਭਾਰਤੀ ਮੌਸਮ ਵਿਭਾਗ ਅਨੁਸਾਰ ਚੱਕਰਵਰਤੀ ਤੂਫ਼ਾਨ ਕਾਰਨ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਰਿਹਾ ਹੈ।
ਇਸ ਦੇ ਚੱਲਦੇ ਤਾਮਿਲਨਾਡੂ ‘ਚ ਐਨ.ਡੀ.ਆਰ.ਐਫ. ਦੀਆਂ 7 ਤੇ ਆਂਧਰਾ ਪ੍ਰਦੇਸ਼ ‘ਚ 6 ਟੀਮਾਂ ਭੇਜੀਆਂ ਗਈਆਂ ਹਨ।  ਭਾਰਤੀ ਹਵਾਈ ਸੈਨਾ ਨੂੰ ਵੀ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।  ਇਸ ਤੋਂ ਇਲਾਵਾ ਹਾਲਤ ਨਾਲ ਨਜਿੱਠਣ ਲਈ ਨੇਵੀ ਦੇ ਸ਼ਿੱਪ ਤੇ ਜਹਾਜ਼ਾਂ ਨੂੰ ਵੀ ਤਿਆਰ-ਬਰ-ਤਿਆਰ ਰਹਿਣ ਲਈ ਆਖਿਆ ਹੈ।  ਇਸ ਦੇ ਨਾਲ ਹੀ ਐਨ.ਡੀ.ਆਰ.ਐਫ. ਨੇ ਮਛੇਰਿਆਂ ਨੂੰ ਅਗਲੇ 36 ਘੰਟਿਆਂ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਚੇਤਾਵਨੀ ਦਿੱਤੀ ਹੈ।