• Home »
  • ਅੱਜ ਦੀ ਖਬਰ
  • » ਸੁਖਬੀਰ ਦੀ ਸੀਟ ‘ਤੇ ਦਲਿਤ ਨੂੰ ਬਿਠਾਵਾਂਗੇ-ਕੇਜਰੀਵਾਲ

ਸੁਖਬੀਰ ਦੀ ਸੀਟ ‘ਤੇ ਦਲਿਤ ਨੂੰ ਬਿਠਾਵਾਂਗੇ-ਕੇਜਰੀਵਾਲ

ਕੈਪਟਨ ਦੇ ਹੋਰਡਿੰਗ ਵੀ ਬਾਦਲਕੇ ਸਪਾਂਸਰ ਕਰ ਰਹੇ ਨੇ..
-ਪੰਜਾਬੀਲੋਕ ਬਿਊਰੋ
ਪੰਜਾਬ ਦੌਰੇ ‘ਤੇ ਆਏ ਅਰਵਿੰਦ ਕੇਜਰੀਵਾਲ ਬਾਦਲ ਸਰਕਾਰ ਤੋਂ ਲੈ ਕੇ ਮੋਦੀ ਸਰਕਾਰ ਤੱਕ ਸਭ ‘ਤੇ ਤਿੱਖੇ ਨਿਸ਼ਾਨੇ ਲਾ ਰਹੇ ਨੇ।  ਕੇਜਰੀਵਾਲ  ਨੇ ਇਨਕਮ ਟੈਕਸ ਵਿਭਾਗ ਦੇ ਦਸਤਾਵੇਜਾਂ ਦਾ ਹਵਾਲਾਂ ਦਿੰਦਿਆਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਮਾਨਦਾਰ ਨਹੀਂ ਹਨ।  ਇਸ ਲਈ ਸ਼ੱਕ ਪੈਦਾ ਹੁੰਦਾ ਹੈ ਕਿ ਵਿਜੇ ਮਾਲਿਆ ਨੂੰ ਪੈਸੇ ਲੈ ਕੇ ਦੇਸ਼ ਤੋਂ ਭੱਜਣ ਦਿੱਤਾ ਗਿਆ ਹੈ।  ਉਹਨਾਂ ਦੱਸਿਆ ਕਿ 15 ਅਕਤੂਬਰ 2013 ਨੂੰ ਬਿਰਲਾ ਕੰਪਨੀ ਵਿੱਚ ਰੇਡ ਹੋਈ ਅਤੇ ਉਹਨਾਂ ਦੇ ਦਸਤਾਵੇਜਾਂ ਵਿੱਚ ਮੁੱਖ ਮੰਤਰੀ ਗੁਜਰਾਤ ਦੇ ਨਾਂਅ ਉਤੇ 25 ਕਰੋੜ ਰੁਪਏ ਦੀ ਐਂਟਰੀ ਦਰਜ ਹੋਈ।  ਇਸੇ ਤਰਾਂ 22 ਨਵੰਬਰ 2013 ਨੂੰ ਸਹਾਰਾ ਗਰੁੱਪ ਵਿੱਚ ਇਨਕਮ ਟੈਕਸ ਦੀ ਰੇਡ ਹੋਈ ਅਤੇ 30 ਅਕਤੂਬਰ 2013 ਦੀ ਐਂਟਰੀ ਥੱਲੇ ਸਹਾਰਾ ਗਰੁੱਪ ਦੇ ਜੈਸਵਾਲ ਨਾਂਅ ਦੇ ਵਿਅਕਤੀ ਰਾਹੀਂ ਨਰਿੰਦਰ ਮੋਦੀ ਨੂੰ ਢਾਈ ਕਰੋੜ ਰੁਪਏ ਦਿੱਤੇ ਦਿਖਾਏ ਗਏ।  ਦੂਸਰੀ ਐਂਟਰੀ 12 ਨਵੰਬਰ 2013 ਦੀ ਹੈ, ਜਿਸ ਵਿੱਚ 5 ਕਰੋੜ 10 ਲੱਖ ਰੁਪਏ ਨਰਿੰਦਰ ਮੋਦੀ ਦੇ ਨਾਂਅ ਉਤੇ ਦਰਜ ਹਨ।   ਕੇਜਰੀਵਾਲ ਨੇ ਕਿਹਾ ਕਿ ਕੁੱਝ ਹੋਰ ਐਂਟਰੀਆਂ ਵੀ ਹਨ, ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਦੀ ਜਾਂਚ ਨਹੀਂ ਹੋਣ ਦੇ ਰਹੇ।  ਉਹਨਾਂ ਕਿਹਾ ਕਿ ਜੇ ਸਹਾਰਾ ਅਤੇ ਬਿਰਲਾ ਵਰਗੀਆਂ ਕੰਪਨੀਆਂ ਤੋਂ ਪੈਸਾ ਲਿਆ ਹੈ ਤਾਂ ਵਿਜੇ ਮਾਲਿਆ ਤੋਂ ਵੀ ਪੈਸੇ ਲਏ ਗਏ ਹੋਣਗੇ। ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਮੈਂ ਸੋਚਦਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਮਾਨਦਾਰ ਵਿਅਕਤੀ ਹਨ, ਪਰ ਇਨਕਮ ਟੈਕਸ ਵਿਭਾਗ ਦੇ ਇਹਨਾਂ ਦਸਤਾਵੇਜਾਂ ਦਾ ਸੱਚ ਵੇਖ ਕੇ ਅੱਜ ਕਹਿ ਰਿਹਾ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਮਾਨਦਾਰ ਵਿਅਕਤੀ ਨਹੀਂ ਹਨ।  ਕੇਜਰੀਵਾਲ ਨੇ ਕਿਹਾ ਕਿ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਨਾਂਅ ਉਤੇ ਕੀਤੀ ਗਈ ਨੋਟਬੰਦੀ ਅਸਲ ਵਿੱਚ 8 ਲੱਖ ਕਰੋੜ ਰੁਪਏ ਦੇ ਘੋਟਾਲਾ ਹੈ।  ਉਹਨਾਂ ਕਿਹਾ ਕਿ ਮੋਦੀ ਆਪਣੇ ਵੱਡੇ-ਵੱਡੇ ਦੋਸਤਾਂ ਦੇ ਬੈਂਕਾਂ ਤੋਂ ਲਏ ਗਏ ਕਰਜ ਨੂੰ ਮਾਫ ਕਰਨ ਲਈ ਨੋਟਬੰਦੀ ਦਾ ਖੇਲ ਖੇਡ ਰਹੇ ਹਨ।   2 ਸਾਲਾਂ ਵਿੱਚ ਇੱਕ ਲੱਖ 14 ਹਜਾਰ ਕਰੋੜ ਰੁਪਏ ਦਾ ਕਰਜ ਪਹਿਲਾਂ ਹੀ ਮਾਫ ਕਰ ਚੁੱਕੇ ਹਨ।  9 ਹਜਾਰ ਕਰੋੜ ਰੁਪਏ ਦਾ ਕਰਜ ਲੈ ਕੇ ਲੰਡਨ ਭੱਜੇ ਵਿਜੇ ਮਾਲਿਆ ਦੇ ਅਜੇ ਪਿਛਲੇ ਹਫਤੇ ਹੀ 1200 ਕਰੋੜ ਰੁਪਏ ਮਾਫ ਕੀਤੇ ਹਨ।   ਕੇਜਰੀਵਾਲ ਨੇ ਪੁੱਛਿਆ ਕਿ ਜੇਕਰ ਇਹਨਾਂ ਧਨ-ਕੁਬੇਰਾਂ ਦਾ ਲੱਖਾਂ ਕਰੋੜ ਰੁਪਏ ਦਾ ਕਰਜ ਮਾਫ ਕੀਤਾ ਜਾ ਸਕਦਾ ਹੈ ਤਾਂ ਕਿਸਾਨਾਂ, ਵਿਦਿਆਰਥੀਆਂ ਅਤੇ ਗਰੀਬ ਲੋਕਾਂ ਦਾ ਕਰਜ ਕਿਓਂ ਮਾਫ ਨਹੀਂ ਕੀਤਾ ਜਾਂਦਾ।   ਉਹਨਾਂ ਕਿਹਾ ਕਿ ਕੁੱਝ ਲੋਕ ਮੋਦੀ ਦੀ ਨੋਟਬੰਦੀ ਨੂੰ ਅੱਛੀ ਸਕੀਮ ਦੱਸ ਰਹੇ ਹਨ।  ਉਹਨਾਂ ਕਿਹਾ ਕਿ ਮੋਦੀ ਦੀ ਨੋਟਬੰਦੀ ਨਾਲ ਨਾ ਤਾਂ ਕਾਲਾ ਧਨ ਬਾਹਰ ਆਇਆ ਹੈ ਅਤੇ ਨਾ ਹੀ ਇਸ ਨਾਲ ਭ੍ਰਿਸ਼ਟਾਚਾਰ ਖਤਮ ਹੋਇਆ ਹੈ।   ਉਹਨਾਂ ਸਵਾਲ ਕੀਤਾ ਕਿ 500-1000 ਦੇ ਨੋਟ ਬੰਦ ਕਰਕੇ 2000 ਰੁਪਏ ਦਾ ਨੋਟ ਜਾਰੀ ਕਰਕੇ ਭ੍ਰਿਸ਼ਟਾਚਾਰ ਕਿਵੇਂ ਬੰਦ ਹੋ ਸਕਦਾ ਹੈ।  ਵੱਡੇ ਨੋਟ ਨੇ ਤਾਂ ਸ਼ਟਾਚਾਰੀਆਂ ਦੀ ਸਹੂਲਤ ਵਧਾ ਦਿੱਤੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੀ ਗੱਲ ਕਰਦਿਆਂ  ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਸ ਵਾਰ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਰਲ ਮਿਲ ਕੇ ਚੋਣ ਲੜ ਹਨ, ਤਾਂਕਿ ਆਮ ਆਦਮੀ ਪਾਰਟੀ ਨੂੰ ਰੋਕਿਆ ਜਾ ਸਕੇ।  ਉਹਨਾਂ ਕਿਹਾ ਕਿ ਬਾਦਲਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਮੀਟਿੰਗ ਕਰਕੇ ਕੈਪਟਨ ਨੂੰ ਅੱਗੇ ਕਰਨ ਦਾ ਸਮਝੌਤਾ ਕਰ ਲਿਆ ਹੈ ਅਤੇ ਜਾਣ-ਬੁੱਝ ਕੇ ਕਮਜੋਰ ਉਮੀਦਵਾਰ ਦਿੱਤੇ ਜਾ ਰਹੇ ਹਨ।  ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੋਰਡਿੰਗ ਬੈਨਰ ਵੀ ਬਾਦਲ ਸਪਾਂਸਰ ਕਰ ਰਹੇ ਹਨ।  ਕੇਜਰੀਵਾਲ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਦੋਵੇਂ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਅਤੇ ਦੋਵਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜੇਲਾਂ ‘ਚ ਸੁੱਟੇ।  ਇਸ ਲਈ ਬਾਦਲਾਂ ਨੇ ਕੈਪਟਨ ਨੂੰ ਅੱਗੇ ਕਰਨਾ ਸ਼ੁਰੂ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਐਤਕੀਂ ਆਪ ਦੀ ਸਰਕਾਰ ਬਣੇਗੀ ਤੇ ਸੁਖਬੀਰ ਬਾਦਲ ਦੀ ਉਪ ਮੁੱਖ ਮੰਤਰੀ ਵਾਲੀ ਸੀਟ ‘ਤੇ ਇਕ ਦਲਿਤ ਨੂੰ ਬਿਠਾਵਾਂਗੇ।