ਜੈਪੁਰ ਬੈਂਕ ‘ਚੋਂ 1.57 ਕਰੋੜ ਕੈਸ਼ ਬਰਾਮਦ

ਕਾਲੇ ਨੂੰ ਚਿੱਟਾ ਕਰਨ ਦੀ ਕੋਸ਼ਿਸ਼ ਸੀ
-ਪੰਜਾਬੀਲੋਕ ਬਿਊਰੋ
ਅੱਜ ਜੈਪੁਰ ਦੀ ਕੋਆਪ੍ਰੇਟਿਵ ਬੈਂਕ ਵਿਚੋਂ 1.57 ਕਰੋੜ ਕੈਸ਼ ਬਰਾਮਦ ਹੋਇਆ ਹੈ, ਕਿਹਾ ਜਾ ਰਿਹਾ ਹੈ ਕਿ ਇਹ ਪੈਸਾ ਕਾਲੇ ਤੋਂ ਚਿੱਟਾ ਕਰਨ ਵਾਲੇ ਚੱਕਰ ਦਾ ਸੀ। ਇਸ ਤੋਂ ਇਲਾਵਾ ਬੈਂਕ ਦੇ ਖਾਲੀ ਲਾਕਰ ਵਿਚੋਂ ਦੋ ਕਿੱਲੋ ਸੋਨਾ ਵੀ ਮਿਲਿਆ ਹੈ, ਤੇ 2000 ਦੇ 1 ਕਰੋੜ 38 ਲੱਖ ਵੀ ਮਿਲੇ ਹਨ।
ਲੰਘੇ ਸ਼ਨੀਵਾਰ ਕਰਨਾਟਕ ਦੇ ਹਵਾਲਾ ਕਾਰੋਬਾਰੀ ਦੇ ਘਰੋਂ 32 ਕਿਲੋ ਸੋਨਾ-ਚਾਂਦੀ ਤੇ 5.7 ਕਰੋੜ ਦੇ 2000 ਰੁਪੇ ਦੇ ਨੋਟ ਵੀ ਬਰਾਮਦ ਕੀਤੇ ਸਨ। 90 ਲੱਖ ਦੇ ਪੁਰਾਣੇ ਬੰਦ ਹੋਏ ਨੋਟ ਵੀ ਮਿਲੇ। ਇਹ ਪੈਸਾ ਬਾਥਰੂਮ ਵਿੱਚ ਛੁਪਾ ਕੇ ਰੱਖਿਆ ਗਿਆ ਸੀ।
ਥਾਂ ਥਾਂ ਤੋਂ ਨਵੇਂ ਨੋਟ ਕਰੋੜਾਂ ਦੇ ਹਿਸਾਬ ਨਾਲ ਮਿਲ ਰਹੇ ਨੇ, ਜਦਕਿ ਬੈਂਕ ਗਾਹਕਾਂ ਨੂੰ 2-4 ਹਜ਼ਾਰ ਰੁਪਏ ਵੀ ਕਈ ਕਈ ਦਿਨ ਕਤਾਰਾਂ ਵਿੱਚ ਲੱਗਣ ਮਗਰੋਂ ਦੇ ਰਹੀਆਂ ਨੇ। ਸਵਾਲ ਉਠ ਰਹੇ ਨੇ ਕਿ ਬੈਂਕਾਂ ਵਿੱਚ ਕਰੰਸੀ ਭੇਜੀ ਨਹੀਂ ਜਾ ਰਹੀ, ਫੜੀ ਜਾ ਰਹੀ ਨਵੀਂ ਕਰੰਸੀ ਘਪਲੇਬਾਜ਼ ਕਿਥੋਂ ਲੈ ਰਹੇ ਨੇ? ਕੀ ਇਹ ਨਵੀਂ ਤਰਾਂ ਦਾ ਭ੍ਰਿਸ਼ਟਾਚਾਰ ਨਹੀਂ ਹੈ? ਪਰ ਸਰਕਾਰ 50 ਦਿਨਾਂ ਜੋ 28 ਦਸੰਬਰ ਨੂੰ ਮੁੱਕ ਰਹੇ ਨੇ , ਉਦੋਂ ਤੱਕ ਸਥਿਤੀ ਠੀਕ ਹੋਣ ਦੇ ਦਾਅਵੇ ਕਰ ਰਹੀ ਹੈ।
ਅੱਜ ਦੋ ਦਿਨਾਂ ਦੀ ਛੁੱਟੀ ਮਗਰੋਂ ਦੇਸ਼ ਦੀਆਂ ਬੈਂਕਾਂ ਮੂਹਰੇ ਬੇਹੱਦ ਭੀੜ ਲੱਗੀ ਰਹੀ ਹੈ। ਕਈ ਬੈਂਕਾਂ ਵਿੱਚ ਈਦ ਏ ਮਿਲਾਦ ਦੀ ਛੁੱਟੀ ਸੀ। ਦੇਸ਼ ਦੇ ਬਹੁਤੇ ਏ ਟੀ ਐਮ ਅੱਜ ਵੀ ਖਾਲੀ ਪੀਪੇ ਹੀ ਬਣੇ ਰਹੇ।
ਆਰ ਐਸ ਐਸ ਦੇ ਵਿਚਾਰਕ ਤੇ ਅਰਥ ਸ਼ਾਸਤਰੀ ਗੁਰੂਮੂਰਤੀ ਨੇ ਨੋਟਬੰਦੀ ਬਾਰੇ ਆਜ ਤੱਕ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ 2000 ਰੁਪਏ ਦਾ ਨੋਟ ਪੰਜ ਸਾਲਾਂ ਤੱਕ ਬੰਦ ਹੋ ਜਾਣਾ ਹੈ, ਇਹ ਨੋਟ ਸਰਕਾਰ ਨੇ ਇਸ ਕਰਕੇ ਛਾਪੇ ਨੇ, ਤਾਂ ਜੋ ਨੋਟਬੰਦੀ ਤੋਂ ਬਾਅਦ ਅਰਥ ਵਿਵਸਥਾ ਵਿੱਚ ਨੋਟਾਂ ਦੇ ਗੈਪ ਨੂੰ ਛੇਤੀ ਭਰਿਆ ਜਾ ਸਕੇ। ਭਵਿੱਖ ਵਿੱਚ 500 ਦਾ ਹੀ ਵੱਡਾ ਨੋਟ ਹੋਵੇਗਾ, ਇਸ ਤੋਂ ਇਲਾਵਾ ਢਾਈ ਸੌ ਤੇ ਸੌ ਰੁਪਏ ਦੇ ਨੋਟ ਹੀ ਹੋਣਗੇ।