ਬਠਿੰਡਾ ਤੋਂ ਉੱਡੂ ਅੰਮ੍ਰਿਤਸਰ-ਬਰਮਿੰਘਮ ਫਲਾਈਟ

-ਪੰਜਾਬੀਲੋਕ ਬਿਊਰੋ
ਬਠਿੰਡਾ ਸਿਵਲ ਟਰਮੀਨਲ ‘ਤੇ ਫਲਾਈਟਾਂ ਦੀ ਸ਼ੁਰੂਆਤ ਦਿੱਲੀ ਤੋਂ ਆਈ ਪਲੇਠੀ ਫਲਾਈਟ ਨਾਲ ਹੋ ਗਈ। ਏਅਰ ਇੰਡੀਆ ਦੀ ਪਲੇਠੀ ਫਲਾਈਟ ਵਿਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਅਸ਼ੋਕ ਗਜਾਪਤੀ ਰਾਜੂ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ, ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਸ਼੍ਰੀ ਜੈਯੰਤ ਸਿਨਹਾ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਮੁਸਾਫ਼ਰਾਂ ਨਾਲ ਬਠਿੰਡਾ ਏਅਰਪੋਰਟ ‘ਤੇ ਪੁੱਜੇ ਜਿਹਨਾਂ ਦਾ ਸਵਾਗਤ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੀਤਾ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਅਸ਼ੋਕ ਗਜਾਪਤੀ ਰਾਜੂ ਨੇ ਸ਼੍ਰੀਮਤੀ ਬਾਦਲ, ਸ਼੍ਰੀ ਜੈਯੰਤ ਸਿਨਹਾ, ਸ਼੍ਰੀ ਵਿਜੇ ਸਾਂਪਲਾ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸਮੇਤ ਬਠਿੰਡਾ ਸਿਵਲ ਟਰਮੀਨਲ ਦਾ ਉਦਘਾਟਨ ਕੀਤਾ।  ਸ਼੍ਰੀ ਰਾਜੂ ਨੇ ਪੰਜਾਬ ਵਾਸੀਆਂ ਨੂੰ ਬਠਿੰਡਾ ਏਅਰਪੋਰਟ ਦੀ ਸ਼ੁਰੂਆਤ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਬਠਿੰਡਾ ਏਅਰਪੋਰਟ ਤੋਂ ਆਉਂਦੇ ਕੁਝ ਮਹੀਨਿਆਂ ਤੱਕ ਫਲਾਈਟਾਂ ਦੇ ਟਾਈਮ ਤਿੰਨ ਦਿਨ ਤੋਂ ਵਧਾਏ ਜਾਣਗੇ।  ਉਹਨਾਂ  ਕਿਹਾ ਕਿ ਹੁਣ ਹਫ਼ਤੇ ‘ਚ ਤਿੰਨ ਦਿਨ ਲੋਕ ਦਿੱਲੀ-ਬਠਿੰਡਾ ਅਤੇ ਬਠਿੰਡਾ-ਦਿੱਲੀ ਫਲਾਈਟ ਰਾਹੀਂ ਸਫ਼ਰ ਕਰ ਸਕਣਗੇ।  ਉਹਨਾਂ ਕਿਹਾ ਕਿ ਕੇਂਦਰ ਸਰਕਾਰ ਖੇਤਰੀ ਹਵਾਈ ਸੰਪਰਕ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਫਲਾਈਟਾਂ ਸ਼ੁਰੂ ਕਰਨ ਲਈ ਪੂਰੀ ਤਰਾਂ ਯਤਨਸ਼ੀਲ ਹੈ।  ਉਹਨਾਂ  ਕਿਹਾ ਕਿ ਦੇਸ਼ ਵਿਚ ਕੁੱਲ 32 ਏਅਰਪੋਰਟ ਸ਼ੁਰੂ ਕਰਨੇ ਸਨ ਜਿਨਾਂ ਦੀ ਗਿਣਤੀ ਬਠਿੰਡਾ ਏਅਰਪੋਰਟ ਸ਼ੁਰੂ ਹੋਣ ਨਾਲ 31 ਰਹਿ ਗਈ ਹੈ।  ਸ਼੍ਰੀ ਰਾਜੂ ਨੇ ਕਿਹਾ ਕਿ ਪੰਜਾਬ ਲਈ ਇੱਕ ਹੋਰ ਏਅਰਪੋਰਟ ਮੰਨਜ਼ੂਰ ਕਰ ਦਿੱਤਾ ਗਿਆ ਹੈ।  ਉਹਨਾਂ  ਕਿਹਾ ਕਿ ਇਸ ਏਅਰਪੋਰਟ ਲਈ ਜ਼ਿਲਾ ਜਲੰਧਰ ਦੇ ਆਦਮਪੁਰ ਵਿਚ ਜਗਾ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ।  ਉਹਨਾਂ  ਕਿਹਾ ਕਿ ਇਸ ਦੇ ਨਾਲ ਹੀ ਪਠਾਨਕੋਟ ਏਅਰਪੋਰਟ ਨੂੰ ਵਿਕਸਿਤ ਕਰਨਾ ਵੀ ਕੇਂਦਰ ਸਰਕਾਰ ਦੇ ਖੇਤਰੀ ਹਵਾਈ ਸੰਪਰਕ ਪ੍ਰੋਗਰਾਮ ਵਿਚ ਸ਼ਾਮਲ ਹੈ ਜਿਸ ਸਬੰਧੀ ਜਲਦ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਏਅਰਪੋਰਟ ਦੀ ਸ਼ੁਰੂਆਤ ਨਾਲ ਪੰਜਾਬ ਖਾਸਕਰ ਮਾਲਵਾ ਖੇਤਰ ਦੀ ਆਰਥਿਕਤਾ ਦੀ ਹੋਰ ਮਜ਼ਬੂਤੀ ਨੂੰ ਵੱਡਾ ਹੁਲਾਰਾ ਮਿਲੇਗਾ।  ਉਹਨਾਂ  ਕਿਹਾ ਕਿ ਹਵਾਈ ਨਕਸ਼ੇ ‘ਤੇ ਆਉਣ ਨਾਲ ਬਠਿੰਡਾ ਵਿਚ ਵਪਾਰਕ, ਵਿਦਿਅਕ, ਮੈਡੀਕਲ, ਮਨੋਰੰਜ਼ਨ ਅਤੇ ਖੇਡਾਂ ਦੇ ਖੇਤਰ ਦੀਆਂ ਅਸੀਮ ਸੰਭਾਵਨਾਵਾਂ ਦੇ ਵਿਕਾਸ ਵਿਚ ਭਾਰੀ ਤਬਦੀਲੀ ਆਵੇਗੀ ਜਿਸ ਨਾਲ ਹਰ ਖਿੱਤੇ ਨੂੰ ਵੱਡਾ ਫਾਇਦਾ ਹੋਵੇਗਾ।  ਉਹਨਾਂ  ਕਿਹਾ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਪੰਜਾਬ ਨੂੰ 2 ਸਾਲਾਂ ਵਿਚ ਵੱਡੇ-ਵੱਡੇ ਪ੍ਰੋਜੈਕਟ ਦੇ ਕੇ ਰਾਜ ਦੇ ਚਹੁੰਮੁਖੀ ਵਿਕਾਸ ਨੂੰ ਨਵੀਂ ਰਫ਼ਤਾਰ ਦਿੱਤੀ ਹੈ।  ਉਹਨਾਂ  ਕਿਹਾ ਕਿ ਵੱਖ-ਵੱਖ ਸਕੀਮਾਂ ਤਹਿਤ ਪੰਜਾਬ ਨੂੰ ਸਿੱਖਿਆ, ਮੈਡੀਕਲ, ਸੜਕੀ ਖੇਤਰ ਵਿਚ ਵੱਡੇ ਪ੍ਰੋਜੈਕਟਾਂ ਨਾਲ ਨਿਵਾਜਿਆ ਗਿਆ ਹੈ ਜਿਨਾਂ ਵਿਚ ਏਮਜ਼, ਸੈਂਟਰਲ ਯੂਨੀਵਰਸਿਟੀ, ਸਮਾਰਟ ਸਿਟੀ, ਏਅਰਪੋਰਟ ਆਦਿ ਸ਼ਾਮਲ ਹਨ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿਚ ਕੇਂਦਰ ਵਲੋਂ ਬਠਿੰਡਾ ਏਅਰਪੋਰਟ ਦੀ ਸ਼ੁਰੂਆਤ ਲਈ ਐਨ.ਡੀ.ਏ. ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਹਵਾਈ ਸੰਪਰਕ ਦੇ ਖੇਤਰ ‘ਚ ਪੰਜਾਬ ‘ਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਹੋਇਆ ਹੈ ਜਿਸ ਦਾ ਪੰਜਾਬ ਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ।  ਉਹਨਾਂ ਕਿਹਾ ਕਿ ਏਅਰਪੋਰਟ ‘ਤੇ ਫਲਾਈਟਾਂ ਸ਼ੁਰੂ ਹੋਣ ਨਾਲ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ‘ਚ ਜਾਣ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ।  ਉਹਨਾਂ  ਕਿਹਾ ਕਿ ਇੱਕ ਦਹਾਕਾ ਪਹਿਲਾਂ ਵਿਕਾਸ ਦੇ ਖੇਤਰ ‘ਚ ਪੰਜਾਬ ਬਹੁਤ ਪੱਛੜ ਚੁੱਕਾ ਸੀ  ਜਿਸ ਨੂੰ ਮੌਜੂਦਾ ਸਰਕਾਰ ਨੇ ਦਿਨ-ਰਾਤ ਇੱਕ ਕਰਕੇ ਵਿਕਾਸ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਹੈ।  ਉਹਨਾਂ  ਕਿਹਾ ਕਿ ਅੱਜ ਬਿਜਲੀ, ਸੜਕਾਂ, ਸਿਹਤ ਸਹੂਲਤਾਂ, ਉਦਯੋਗਾਂ ਆਦਿ ਦੇ ਖੇਤਰ ‘ਚ ਪੰਜਾਬ ਨੇ ਨਵੀਂਆਂ ਮੰਜ਼ਿਲਾਂ ਸਰ ਕੀਤੀਆਂ ਹਨ।  ਸ਼੍ਰੀ ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਵਿਚ 4 ਘਰੇਲੂ ਅਤੇ 2 ਕੌਮਾਂਤਰੀ ਹਵਾਈ ਅੱਡਿਆਂ ਵਾਲਾ ਸੂਬਾ ਬਣ ਗਿਆ ਹੈ।
ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਅਤੇ ਪਰਾਲੀ ਤੋਂ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਦੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਜਲਦ ਹੀ ਪਰਾਲੀ ਦੇ ਪ੍ਰਦੂਸ਼ਣ ਤੋਂ ਹੱਲ ਲਈ 40 ਏਕੜ ਰਕਬੇ ‘ਚ ਪਹਿਲਾ ਬਾਇਓਇਥੋਨੌਲ ਪਲਾਂਟ ਬਠਿੰਡਾ ਜ਼ਿਲੇ ਦੀ ਤਲਵੰਡੀ ਸਾਬੋ ਤਹਿਸੀਲ ਵਿਚ ਸਥਾਪਿਤ ਕੀਤਾ ਜਾ ਰਿਹਾ ਹੈ।  ਉਹਨਾਂ  ਕਿਹਾ ਕਿ ਪਲਾਂਟ ਸਥਾਪਤ ਹੋਣ ਨਾਲ ਕਿਸਾਨਾਂ ਦੀ ਆਮਦਨੀ ਵਧਣ ਤੋਂ ਇਲਾਵਾ ਪਰਾਲੀ ਦੇ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ।  ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਸ਼੍ਰੀ ਜੈਯੰਤ ਸਿਨਹਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਆਪਣੇ ਨਾਅਰੇ ‘ਸਭ ਕਾ ਸਾਥ, ਸਭ ਕਾ ਵਿਕਾਸ’ ਤਹਿਤ ਹਰ ਖੇਤਰ ਵਿਚ ਲਾਮਿਸਾਲ ਵਿਕਾਸ ਕਰਵਾਉਣ ਨੂੰ ਤਰਜ਼ੀਹ ਦੇ ਰਹੀ ਹੈ।  ਉਹਨਾਂ  ਕਿਹਾ ਕਿ ਬਠਿੰਡਾ ਏਅਰਪੋਰਟ ਦੀ ਸ਼ੁਰੂਆਤ ਵੀ ਪੰਜਾਬ ਦੇ ਵਿਕਾਸ ਦੇ ਖੇਤਰ ਵਿਚ ਇੱਕ ਵੱਡੀ ਪੁਲਾਂਘ ਹੈ।
ਕੇਂਦਰੀ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਵਲੋਂ ਪਿਛਲੇ 2 ਸਾਲਾਂ ਦੌਰਾਨ ਪੰਜਾਬ ਨੂੰ ਦਿੱਤੇ ਗਏ ਪ੍ਰੋਜੈਕਟਾਂ ਨਾਲ ਪੰਜਾਬ ਵਿਚ ਚੱਲ ਰਹੇ ਵਿਕਾਸ ਦੀ ਰਫ਼ਤਾਰ ਨੂੰ ਨਵੀਂ ਗਤੀ ਪ੍ਰਦਾਨ ਹੋਈ ਹੈ।  ਉਹਨਾਂ  ਕਿਹਾ ਕਿ ਅੱਜ ਇਸ ਏਅਰਪੋਰਟ ਦੀ ਸ਼ੁਰੂਆਤ ਨਾਲ ਰਾਜ ਅੰਦਰ ਹਰ ਖੇਤਰ ਵਿਚ ਵਿਕਾਸ ਅਤੇ ਤਰੱਕੀ ਨੂੰ ਹੁਲਾਰਾ ਮਿਲੇਗਾ।  ਉਹਨਾਂ  ਕਿਹਾ ਕਿ ਆਦਮਪੁਰ ਅਤੇ ਪਠਾਨਕੋਟ ਏਅਰਪੋਰਟ ਬਣਨ ਨਾਲ ਪੰਜਾਬ ਹਵਾਈ ਸੰਪਰਕ ਦੇ ਖੇਤਰ ਵਿਚ ਨਵੇਂ ਦਿਸਹਦੇ ਕਾਇਮ ਕਰੇਗਾ।   ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਰਾਜੂ ਅਤੇ ਸ਼੍ਰੀ ਸਿਨਹਾ ਨੇ ਕਿਹਾ ਕਿ ਮੌਸਮ ਵਿਚ ਤਬਦੀਲੀ ਤੋਂ ਬਾਅਦ ਬਠਿੰਡਾ ਏਅਰਪੋਰਟ ਤੋਂ ਫਲਾਈਟਾਂ ਦੇ ਦਿਨਾਂ ਵਿਚ ਵਾਧਾ ਕੀਤਾ ਜਾਵੇਗਾ।  ਉਹਨਾਂ  ਕਿਹਾ ਕਿ ਕੇਂਦਰ ਵਲੋਂ ਆਉਂਦੇ ਮਹੀਨਿਆਂ ਤੱਕ ਰੋਜ਼ਾਨਾ ਫਲਾਈਟਾਂ ਚਲਾਉਣਾ ਵੀ ਵਿਚਾਰ ਅਧੀਨ ਹੈ।  ਸ਼੍ਰੀ ਸਿਨਹਾ ਨੇ ਇੱਕ ਸਵਾਲ ਦੇ  ਜਵਾਬ ਵਿਚ ਦੱਸਿਆ ਕਿ 1 ਅਪ੍ਰੈਲ ਤੋਂ ਅੰਮ੍ਰਿਤਸਰ ਏਅਰਪੋਰਟ ਤੋਂ ਸਿੱਧੀ ਬਰਮਿੰਘਮ ਲਈ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ ਜੋ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ-ਬਰਮਿੰਘਮ ਪੁੱਜੇਗੀ।  ਨੋਟਬੰਦੀ ਦੇ ਹਵਾਈ ਸਫ਼ਰ ‘ਤੇ ਅਸਰ ਸਬੰਧੀ ਪੁੱਛੇ ਜਾਣ ‘ਤੇ ਸ਼੍ਰੀ ਅਸ਼ੋਕ ਗਜਾਪਤੀ ਰਾਜੂ ਨੇ ਕਿਹਾ ਕਿ ਨੋਟਬੰਦੀ ਦਾ ਭਾਰਤ ਵਿਚ ਹਵਾਈ ਸਫ਼ਰ ‘ਤੇ ਕੋਈ ਅਸਰ ਨਹੀਂ ਪਿਆ।  ਉਹਨਾਂ  ਕਿਹਾ ਕਿ ਹਵਾਈ ਸਫ਼ਰ ਸਬੰਧੀ ਜਿਆਦਾਤਰ ਬੁਕਿੰਗ ਅਤੇ ਅਦਾਇਗੀਆਂ ਆਨਲਾਈਨ ਹੁੰਦੀਆਂ ਹਨ ਜਿਸ ਕਰਕੇ ਨੋਟਬੰਦੀ ਦਾ ਕੋਈ ਅਸਰ ਨਹੀਂ ਪਿਆ।  ਉਹਨਾਂ  ਕਿਹਾ ਕਿ ਭਾਰਤ ਵਿਚ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਦਰ ਵਿਚ ਪਿਛਲੇ ਇੱਕ ਸਾਲ ਦੌਰਾਨ 20ਫੀਸਦੀ ਵਾਧੇ ਦੀ ਦਰ ਦਰਜ ਕੀਤੀ ਗਈ ਹੈ।  ਉਹਨਾਂ  ਪੰਜਾਬ ਸਰਕਾਰ ਵਲੋਂ ਏਵੀਏਸ਼ਨ ਟਰਬਾਈਨ ਫਿਊਲ ਉਤੇ ਵੈਟ ਘਟਾਉਣ ਲਈ ਸਰਕਾਰ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ, ਵਿਧਾਇਕ ਸ. ਦਰਸ਼ਨ ਸਿੰਘ ਕੋਟਫੱਤਾ, ਚੇਅਰਮੈਨ ਨਗਰ ਸੁਧਾਰ ਟਰਸਟ ਸ਼੍ਰੀ ਦਿਆਲ ਦਾਸ ਸੋਢੀ, ਭਾਜਪਾ ਸ਼ਹਿਰੀ ਪ੍ਰਧਾਨ ਸ਼੍ਰੀ ਮੋਹਿਤ ਗੁਪਤਾ, ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੋਰੀ ਮੌਜੂਦ ਸਨ।