ਫਾਜ਼ਿਲਕਾ ਹਾਦਸਾ-ਤੇਜ਼ ਰਫਤਾਰ ਜਾਨਲੇਵਾ ਸਿੱਧ ਹੋਈ

-ਅਮਨਦੀਪ ਹਾਂਸ
12 ਅਧਿਆਪਕਾਂ ਤੇ ਡਰਾਈਵਰ ਦੀ ਜਾਨ ਲੈਣ ਵਾਲਾ ਫਾਜ਼ਿਲਕਾ ਕੋਲ ਵਾਪਰਿਆ ਭਿਆਨਕ ਹਾਦਸਾ ਧੁੰਦ ਨਾਲੋਂ ਵੱਧ ਤੇਜ਼ ਰਫਤਾਰ ਕਰਕੇ ਵਾਪਰਿਆ। ਅਧਿਆਪਕਾਂ ਨੂੰ ਲਿਜਾ ਰਹੀ ਟਰੈਕਸ ਕਰੂਜ਼ਰ ਗੱਡੀ ਦਾ ਚਾਲਕ ਬੇਹੱਦ ਤੇਜ਼ ਰਫਤਾਰ ਨਾਲ ਜਾ ਰਿਹਾ ਸੀ, ਸੰਘਣੀ ਧੁੰਦ ਦੇ ਦੌਰਾਨ ਗੱਡੀਆਂ ਦੀ ਸਪੀਡ ਆਮ ਕਰਕੇ 40 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ, ਪਰ ਹਾਦਸਾ ਗ੍ਰਸਤ ਗੱਡੀ ਦਾ ਡਰਾਈਵਰ ਜੋ ਖੁਦ ਜਾਨ ਗਵਾ ਬੈਠਾ, ਉਸ ਦੀ ਸਪੀਡ 90 ‘ਤੇ ਸੀ। ਤੇਜ਼ ਸਪੀਡ ਤੇ ਸੰਘਣੀ ਧੁੰਦ ਕਾਰਨ ਇਕ ਟਰੱਕ ਨੂੰ ਓਵਰਟੇਕ ਕਰਦਿਆਂ ਡਰਾਈਵਰ ਕੰਟਰੋਲ ਗਵਾ ਬੈਠਾ, ਟਰੱਕ ਡਰਾਈਵਰ ਨੇ ਹਾਦਸਾ ਟਾਲਣ ਦੀ ਕੋਸ਼ਿਸ਼ ਕਰਦਿਆਂ ਟਰੱਕ ਸੜਕ ਤੋਂ ਹੇਠਾਂ ਲਾਹ ਲਿਆ, ਪਰ ਅਧਿਆਪਕਾਂ ਵਾਲੀ ਗੱਡੀ ਫੇਰ ਵੀ ਜਾ ਟਕਰਾਈ।  ਸਪੀਡ ਘੱਟ ਹੁੰਦੀ ਤਾਂ ਟੱਕਰ ਦੇ ਬਾਵਜੂਦ ਐਨਾ ਵੱਡਾ ਜਾਨੀ ਨੁਕਸਾਨ ਨਾ ਹੁੰਦਾ।
ਮ੍ਰਿਤਕਾਂ ਵਿੱਚੋਂ ਇਕ ਦਾ 27 ਨਵੰਬਰ ਨੂੰ  ਵਿਆਹ ਹੋਇਆ ਸੀ, ਤੇ ਵਿਆਹ ਵਾਸਤੇ ਲਈ ਛੁੱਟੀ ਖਤਮ ਹੋਣ ‘ਤੇ ਪਹਿਲੇ ਦਿਨ ਸਕੂਲ ਜਾ ਰਹੀ ਸੀ, ਇਕ ਨੂੰ ਹਾਲੇ 15 ਦਿਨ ਪਹਿਲਾਂ ਤੇ ਇਕ ਨੂੰ ਮਹੀਨਾ ਪਹਿਲਾਂ ਸਰਕਾਰੀ ਨੌਕਰੀ ਮਿਲੀ ਸੀ, ਇਕ ਅਧਿਆਪਕਾ ਚਾਰ ਮਹੀਨਿਆਂ ਦੀ ਗਰਭਵਤੀ ਸੀ,  ਇਕ ਅਧਿਆਪਕ ਨੇ ਹਾਈਕੋਰਟ ਵਿੱਚ ਕੇਸ ਕਰਕੇ ਸਰਕਾਰੀ ਨੌਕਰੀ ਵਾਲਾ ਕੇਸ ਬਾਦਲ ਸਰਕਾਰ ਤੋਂ ਜਿੱਤਿਆ ਸੀ।
ਪਲਾਂ ਛਿਣਾਂ ਵਿੱਚ ਸਭ ਕੁਝ ਮਿੱਟੀ ਦੀ ਢੇਰੀ ਹੋ ਗਿਆ। ਤੇ ਇਸ ਮਿੱਟੀ ਦੀ ਢੇਰੀ ਨੂੰ ਚੁੱਕਣ ਵਿੱਚ ਸਰਕਾਰੀ ਅਮਲੇ ਨੇ ਆਨਾਕਾਨੀ ਕੀਤੀ। ਪਿੰਡ ਚਾਂਦਮਾਰੀ ਦੇ ਲੋਕਾਂ ਨੇ ਲਾਸ਼ਾਂ ਲਿਜਾਣ ਲਈ 108 ਐਂਬੂਲੈਂਸ ਸੱਦੀ, ਪਰ ਐਂਬੂਲੈਂਸ ਵਾਲੇ ਨੇ ਲਾਸ਼ਾਂ ਚੱਕਣ ਤੋਂ ਮਨਾ ਕਰ ਦਿੱਤਾ ਤਾਂ ਪਿੰਡ ਵਾਲੇ ਟਰਾਲੀਆਂ ਵਿੱਚ ਲਾਸ਼ਾਂ ਹਸਪਤਾਲ ਲੈ ਕੇ ਗਏ।
ਸੋਗ ਵਜੋਂ ਫਾਜ਼ਿਲਕਾ ਦਾ ਸਾਰਾ ਬਜ਼ਾਰ ਬੰਦ ਰਿਹਾ।
ਜਦ ਮ੍ਰਿਤਕਾਂ ਦਾ ਸਸਕਾਰ ਸੀ ਤਾਂ ਸਿੱਖਿਆ ਮੰਤਰੀ ਡਾ ਦਲਜੀਤ ਚੀਮਾ ਖੁਦ ਪੁੱਜੇ, ਪੰਜਾਬੀਆਂ ਅੰਦਰੋਂ ਮਰ ਚੁੱਕੀ ਸੰਵੇਦਨਾ ਦੀ ਮਿਸਾਲ ਬਲ਼ਦੇ ਸਿਵਿਆਂ ‘ਤੇ ਦਿਸੀ, ਮੰਤਰੀ ਜੀ ਕੋਲ ਸ਼ਮਸ਼ਾਨ ਘਾਟ ਵਿੱਚ ਹੀ 12 ਅਧਿਆਪਕ ਬਦਲੀਆਂ ਵਾਲੀਆਂ ਅਰਜ਼ੀਆਂ ਲੈ ਕੇ ਪੁੱਜ ਗਏ, ਡਾ ਚੀਮਾ ਨੇ ਚੰਗੀ ਝਾੜ ਪਾਈ ਤੇ ਡੀ ਪੀ ਆਈ ਨੂੰ ਨਿਰਦੇਸ਼ ਦਿੱਤਾ ਕਿ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੋ ਤੇ ਵਿਭਾਗੀ ਕਾਰਵਾਈ ਕਰੋ।
ਹਾਦਸੇ ਵਿੱਚ ਇਕੋ ਇਕ ਬਚੇ ਅਧਿਆਪਕ ਦੀ ਹਾਲਤ ਨਾਜ਼ੁਕ ਦੇਖ ਫਾਜ਼ਿਲਕਾ ਤੋਂ ਫਰੀਦਕੋਟ ਰੈਫਰ ਕੀਤਾ ਗਿਆ, ਜਿਥੇ ਡਾ ਚੀਮਾ ਨੇ ਖੁਦ ਡਾਕਟਰਾਂ ਨੂੰ ਜ਼ਖਮੀ ਦਾ ਗੰਭੀਰਤਾ ਨਾਲ ਇਲਾਜ ਕਰਨ ਲਈ ਫੋਨ ਕਰਕੇ ਕਿਹਾ, ਪਰ ਇਸ ਦੇ ਬਾਵਜੂਦ ਇਲਾਜ ਸਲੋਅ ਸ਼ੁਰੂ ਹੋਇਆ, ਪੰਜ ਮਿੰਟ ‘ਚ ਜਿਹੜੇ ਐਕਸਰੇ ਹੋ ਜਾਂਦੇ ਨੇ, ਉਹ ਮੰਤਰੀ ਜੀ ਫੋਨ ਦੇ ਬਾਵਜੂਦ ਦੋ ਘੰਟਿਆਂ ‘ਚ ਹੋਏ ਤੇ ਅੱਧੇ ਘੰਟੇ ਬਾਅਦ ਰਿਪੋਰਟ ਆਈ।
ਤੇਜ਼ ਰਫਤਾਰ, ਪਤਾ ਨਹੀਂ ਐਨੀ ਕਾਹਲ ‘ਚ ਅਸੀਂ ਕਿਥੇ ਪੁੱਜਣਾ ਲੋਚਦੇ ਹਾਂ..
ਫਾਜ਼ਿਲਕਾ ਵਾਲਾ ਦਰਦਨਾਕ ਹਾਦਸਾ ਵੀ ਤੇਜ਼ ਰਫਤਾਰ ਕਰਕੇ ਵਾਪਰਿਆ,
ਤੇ ਓਧਰ ਤਪਾ ਨੇੜੇ ਕੱਲ ਸਵੇਰੇ ਇਕ ਨਿੱਜੀ ਕੰਪਨੀ ਦੀ ਬੱਸ  ਨਾ ਸਿਰਫ ਤੇਜ਼ ਰਫਤਾਰ ਸੀ ਬਲਕਿ ਰੌਂਗ ਸਾਈਡ ਜਾ ਕੇ ਇਕ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਸਾਹਮਣਿਓਂ ਆ ਰਹੇ ਟੈਂਕਰ ਨਾਲ ਜਾ ਟਕਰਾਈ, ਦੋਵਾਂ ਵਾਹਨਾਂ ਦੇ ਡਰਾਈਵਰਾਂ ਸਮੇਤ 16 ਜਣੇ ਗੰਭੀਰ ਜ਼ਖਮੀ ਹੋਏ ਨੇ। ਬੱਸ ਚਾਲਕ ‘ਤੇ ਕੇਸ ਦਰਜ ਕੀਤਾ ਗਿਆ ਹੈ।