ਧੁੰਦ ਕਰਕੇ ਭਿਆਨਕ ਹਾਦਸਾ, 13 ਅਧਿਆਪਕਾਂ ਦੀ ਮੌਤ

-ਪੰਜਾਬੀਲੋਕ ਬਿਊਰੋ
ਮੌਸਮ ਦੀ ਪੈ ਰਹੀ ਪਹਿਲੀ ਸੰਘਣੀ ਧੁੰਦ ਨੇ ਕਹਿਰ ਵਰਤਾਅ ਧਰਿਆ ਹੈ, ਪਲਾਂ ਛਿਣਾਂ ਵਿੱਚ 13 ਜਾਨਾਂ ਨਿਗਲ ਲਈਆਂ। ਪਿਛਲੇ 24 ਘੰਟਿਆਂ ਵਿੱਚ ਧੁੰਦ ਕਾਰਨ ਵੱਖ ਵੱਖ ਥਾਵਾਂ ਉਤੇ ਹੋਏ ਸੜਕ ਹਾਦਸਿਆਂ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋਏ ਹਨ। ਧੁੰਦ ਕਾਰਨ ਫ਼ਾਜ਼ਿਲਕਾ ਵਿਖੇ ਚਾਂਦਮਾਰੀ ਪਿੰਡ ਦੇ ਬੱਸ ਸਟੈਂਡ ਨੇੜੇ ਵੈਨ ਤੇ ਟਰੱਕ ਵਿਚਕਾਰ ਸੰਘਣੀ ਧੁੰਦ ਕਾਰਨ ਟੱਕਰ ਹੋ ਗਈ। ਵੈਨ ਵਿੱਚ ਸਵਾਰ 14 ਅਧਿਆਪਕ ਵੱਖ ਵੱਖ ਸਕੂਲਾਂ ਦੇ ਸਨ ਅਤੇ ਰੋਜ਼ਾਨਾ ਉਹ ਇਸੇ ਵੈਨ ‘ਤੇ ਅਬੋਹਰ ਆਪੋ ਆਪਣੇ ਸਕੂਲਾਂ ਵਿੱਚ ਜਾਂਦੇ ਸਨ। ਵੈਨ ਜਦ ਸਵੇਰੇ ਸੱਤ ਪਿੰਡ ਚਾਂਦਮਾਰੀ ਨੇੜੇ ਪਹੁੰਚੀ ਤਾਂ ਇਸ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ ਦੇ ਪਰਖੱਚੇ ਉੱਡ ਗਏ। ਮ੍ਰਿਤਕਾਂ ਵਿੱਚ ਅੱਠ ਪੁਰਸ਼ ਅਤੇ 5 ਮਹਿਲਾਵਾਂ ਸ਼ਾਮਲ ਸਨ। ਵੈਨ ਚਾਲਕ  ਗੰਭੀਰ ਜ਼ਖਮੀ ਹੋਇਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਹੈ। ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਵੱਲੋਂ ਫਾਜਿਲਕਾ ਨੇੜੇ ਸੜਕ ਹਾਦਸੇ ਵਿੱਚ ਮਾਰੇ ਗਏ ਅਧਿਆਪਕਾਂ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮ੍ਰਿਤਕ ਅਧਿਆਪਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਡਾ ਚੀਮਾ ਖੁਦ ਫਾਜਿਲਕਾ ਗਏ ਹਨ। ਇੱਕ ਹੋਰ ਸੜਕ ਹਾਦਸੇ ਵਿੱਚ 10 ਵਿਦਿਆਰਥੀ ਤੇ ਡਰਾਈਵਰ ਜ਼ਖਮੀ ਹੋ ਗਏ।  ਲੁਧਿਆਣਾ ਦੇ ਜਗਰਾਓਂ ਲਾਗੇ ਸਿਧਵਾਂ ਕਾਲਜ ਦੀ ਬੱਸ ਟਰੱਕ ਨਾਲ ਟਕਰਾਅ ਗਈ।  ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।  ਬੱਸ ਡਰਾਈਵਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।