• Home »
  • ਅੱਜ ਦੀ ਖਬਰ
  • » ਝੰਡਾ ਦਿਵਸ ਮੌਕੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ

ਝੰਡਾ ਦਿਵਸ ਮੌਕੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ

-ਪੰਜਾਬੀਲੋਕ ਬਿਊਰੋ
ਦੇਸ਼ ਵਿਚ ਅਮਨ ਕਾਨੂੰਨ ਅਤੇ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸਾਡੇ ਬਹਾਦਰ ਸੈਨਿਕਾਂ ਵਲੋਂ ਜੋ ਯੋਗਦਾਨ ਦਿੱਤਾ ਜਾ ਰਿਹਾ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਲੰਧਰ-ਕਮ-ਪ੍ਰਧਾਨ ਜ਼ਿਲਾ ਸੈਨਿਕ ਬੋਰਡ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਮੁਲਕ ਦੀ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜ਼ਿਲਾ ਪੱਧਰੀ ਆਰਮਡ ਫੋਰਸਜ਼ ਫਲੈਗ ਡੇਅ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਅਸੀਂ ਜੋ ਅੱਜ ਅਮਨ ਸਕੂਨ ਦੀ ਜਿੰਦਗੀ ਬਤੀਤ ਕਰ ਰਹੇ ਹਾਂ ਇਹ ਸਭ ਸਾਡੇ ਬਹਾਦਰ ਸੈਨਿਕਾਂ ਦੀ ਹੀ ਦੇਣ ਹੈ। ਉਹਨਾਂ ਇਹ ਵੀ ਕਿਹਾ ਕਿ ਜੋ ਸੈਨਿਕ ਦੇਸ਼ ਦੀ ਖਾਤਰ ਕੁਰਬਾਨ ਹੋ ਜਾਂਦੇ ਹਨ ਪਿਛੋਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਦੀ ਚੰਗੀ ਤਰਾਂ ਦੇਖ ਰੇਖ ਕਰੀਏ ਤਾਂ ਜੋ ਉਹਨਾਂ ਨੂੰ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ। ਸ੍ਰੀ ਯਾਦਵ ਨੇ ਅੱਗੇ ਦੱਸਿਆ ਕਿ ਜ਼ਿਲਾ ਸੈਨਿਕ ਬੋਰਡ ਵਲੋਂ ਪਿਛਲੇ ਕਈ ਸਾਲਾਂ ਤੋਂ ਅਣਥੱਕ ਕੋਸ਼ਿਸਾਂ ਸਦਕਾ ਜ਼ਿਲਾ ਪ੍ਰਸਾਸ਼ਨ, ਸਮਾਜ ਸੇਵੀ, ਵਿੱਦਿਅਕ ਅਦਾਰਿਆਂ ,ਨਿੱਜੀ ਖੇਤਰਾਂ ਅਤੇ ਹੋਰਨਾਂ ਸੰਸਥਾਵਾਂ ਤੇ ਦਾਨੀ ਸੱਜਣਾ ਵਲੋਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਲਈ ਦਿਲ ਖੋਲ ਕੇ ਦਾਨ ਦਿੱਤਾ ਜਾ ਰਿਹਾ ਹੈ ਜੋ ਕਿ ਸ਼ਲਾਘਾਯੋਗ ਹੈ। ਉਹਨਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਨੇਕ ਭਲਾਈ ਦੇ ਕਾਰਜ ਵਿਚ ਵੱਧ ਚੜ ਕੇ ਯੋਗਦਾਨ ਦੇਣ। ਇਸ ਮੌਕੇ ਉਹਨਾਂ ਨੇ 109 ਵਿਧਵਾਵਾਂ, ਬੇਸਹਾਰਾ ਸਾਬਕਾ ਸੈਨਿਕਾਂ ਅਤੇ ਹੋਰ ਯੋਗ ਲਾਭ ਪਾਤਰੀਆਂ ਨੂੰ 618000 ਰੁਪਏ ਦੀ ਮਾਲੀ ਸਹਾਇਤਾ ਦਿੱਤੀ।
ਉਹਨਾਂ ਇਹ ਵੀ ਦੱਸਿਆ ਕਿ ਜਿਲਾ ਜਲੰਧਰ ਝੰਡਾ ਦਿਵਸ ਮੌਕੇ ਸ਼ਹੀਦ  ਜਵਾਨਾਂ ਦੇ ਪਰਿਵਾਰਾਂ ਦੀ ਮਾਲੀ ਸਹਾਇਤਾ, ਮੁੜ ਵਸੇਬੇ ਲਈ ਪਿਛਲੇ ਸਾਲ 28 ਲੱਖ ਰੁਪੈ ਦਾਨ ਦੇ ਪਹਿਲੇ ਨੰਬਰ ‘ਤੇ ਰਿਹਾ ਸੀ ਅਤੇ ਇਸ ਵਾਰ ਵੀ ਜਿਲਾ ਜਲੰਧਰ ਦਾਨ ਇਕੱਤਰ ਕਰਨ ਵਿਚ ਮੋਹਰੀ ਰਹੇਗਾ। ਇਸ ਮੌਕੇ ਨਹਿਰੂ ਗਾਰਡਨ ਸਕੂਲ ਤੇ ਬੀ.ਡੀ.ਆਰੀਆ ਕਾਲਜ ਦੀਆਂ ਵਿਦਿਆਰਥਣਾਂ ਨੇ ਦੇਸ਼ ਭਗਤੀ ਦੇ ਗੀਤਾਂ ਨਾਲ ਸ਼ਹੀਦਾਂ ਨੂੰ ਸਜਦਾ ਕੀਤਾ।  ਇਸ ਮੌਕੇ ਬ੍ਰਿਗੇਡੀਅਰ ਏ.ਐਸ.ਮਿਨਹਾਸ ਉਪ ਪ੍ਰਧਾਨ ਜ਼ਿਲਾ ਸੈਨਿਕ ਬੋਰਡ ਨੇ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਜਲੰਧਰ ਵਲੋਂ ਸੈਨਿਕ ਭਲਾਈ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਅਤੇ ਜੰਗੀ ਸ਼ਹੀਦਾਂ ਦੀ ਯਾਦਗਾਰ ਦੇ ਰੱਖ ਰਖਾਵ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਜ਼ਿਲੇ ਨੂੰ ਬੈਸਟ ਅਤੇ ਮਾਡਲ ਜ਼ਿਲਾ ਘੋਸ਼ਿਤ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨਲ ਜੀ.ਐਸ.ਗਰਚਾ, ਬ੍ਰਿਗੇਡੀਅਰ ਕੇ.ਐਸ.ਢਿਲੋਂ, ਕਰਨਲ ਅਮਰਜੀਤ ਸਿੰਘ, ਕਮਾਂਡਰ ਤਰਲੋਚਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪ੍ਰਸ਼ਾਸ਼ਨਿਕ ਤੇ ਸਮਾਜ ਸੇਵੀ ਸ਼ਖਸੀਅਤਾਂ ਹਾਜ਼ਰ ਸਨ।