ਨੋਟਬੰਦੀ-500 ਦਾ ਪੁਰਾਣਾ ਨੋਟ 10 ਤੋਂ ਬੰਦ

-ਪੰਜਾਬੀਲੋਕ ਬਿਊਰੋ 
ਨੋਟਬੰਦੀ ਨੂੰ ਅੱਜ ਇਕ ਮਹੀਨਾ ਬੀਤ ਜਾਣ ‘ਤੇ ਵੀ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਹੋ ਸਕਿਆ।  ਲੋਕ ਬੈਂਕਾਂ ਅੱਗੇ ਰਾਤਾਂ ਕੱਟਣ ਨੂੰ ਮਜਬੂਰ ਹਨ। ਏ ਟੀ ਐਮ ਵੀ ਖਾਲੀ ਹੋ ਰਹੇ ਹਨ। ਸਾਲ 1997 ਤੋਂ 2003 ਦੌਰਾਨ ਆਰ.ਬੀ.ਆਈ. ਦੇ ਗਵਰਨਰ ਰਹੇ ਵਿਮਲ ਜਲਾਨ ਦਾ ਮੰਨਣਾ ਹੈ ਕਿ ਕਾਲਾ ਧਨ ਰੀਅਲ ਅਸਟੇਟ, ਗੋਲਡ, ਫਾਰੇਨ ਐਕਸਚੇਂਜ ਦਾ ਰੂਪ ਧਾਰ ਚੁੱਕਾ ਹੈ।  ਜਿਹੜਾ ਕਾਲਾ ਧਨ ਕੈਸ਼ ਦੀ ਸ਼ਕਲ ‘ਚ ਰਿਹਾ ਹੀ ਨਹੀਂ, ਉਹ ਕਿਵੇਂ ਵਾਪਸ ਆਏਗਾ।  ਸਾਬਕਾ ਗਵਰਨਰ ਡੀ ਸੁਬਾ ਰਾਵ ਦਾ ਕਹਿਣਾ ਹੈ ਕਿ ਕਾਲੇ ਧਨ ਦਾ ਕੋਈ ਪੁਖਤਾ ਅੰਕੜਾ ਨਹੀਂ।  2007 ‘ਚ ਸਾਢੇ 37 ਲੱਖ ਕਰੋੜ ਕਾਲੇ ਧਨ ਦਾ ਅੰਕੜਾ ਵਿਸ਼ਵ ਬੈਂਕ ਨੇ ਦਿੱਤਾ ਸੀ।  ਇਹ ਦੇਸ਼ ਦੀ ਜੀ.ਡੀ.ਪੀ. ਦਾ 23.2 ਫੀਸਦੀ ਹੈ।  ਇਸ ਪੈਸੇ ‘ਤੇ 16 ਫੀਸਦੀ ਦੇ ਹਿਸਾਬ ਨਾਲ ਟੈਕਸ ਨਹੀਂ ਲੱਗਿਆ।  ਇਸ ਲਈ ਸਰਕਾਰ ਨੂੰ ਪੌਣੇ 4 ਲੱਖ ਕਰੋੜ ਦਾ ਨੁਕਸਾਨ ਹੋਇਆ, ਇਹੀ ਕਾਲਾ ਧਨ ਹੈ।
ਸਾਬਕਾ ਆਰ.ਬੀ.ਆਈ. ਗਵਰਨਰ ਵਾਈ ਵੀ ਰੈਡੀ ਮੁਤਾਬਕ ਕੋਈ ਨਹੀਂ ਜਾਣਦਾ ਕਿ ਕਾਲਾ ਧਨ ਦੇਸ਼ ਜਾਂ ਵਿਦੇਸ਼ ਵਿੱਚ ਕਿੰਨਾ ਹੈ।  ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਕਿੰਨਾ ਆਏਗਾ, ਕਿੰਨਾ ਰਹਿ ਜਾਏਗਾ।
ਓਧਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੁਰਾਣਾ 500 ਦਾ ਨੋਟ ਹੁਣ 10 ਦਸੰਬਰ ਤੋਂ ਰੇਲਵੇ, ਮੈਟਰੋ ਆਦਿ ਵਿੱਚ ਨਹੀਂ ਚੱਲੇਗਾ। ਸਿਰਫ ਟੋਲ ਪਲਾਜ਼ਾ ‘ਤੇ 15 ਤੱਕ ਚੱਲੇਗਾ।
ਅੱਜ ਆਮਦਨ ਕਰ ਵਿਭਾਗ ਨੇ ਚੇਨਈ ‘ਚ ਛਾਪੇਮਾਰੀ ਕਰਕੇ 90 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ, ਜਿਸ ‘ਚ 70 ਕਰੋੜ ਦੇ ਨਵੇਂ ਨੋਟ ਸ਼ਾਮਲ ਸਨ।  ਇਸ ਦੇ ਨਾਲ ਹੀ 100 ਕਿੱਲੋ ਸੋਨਾ ਵੀ ਜ਼ਬਤ ਕੀਤਾ ਗਿਆ ਹੈ।
ਲੁਧਿਆਣਾ ਦੇ ਸਮਰਾਲਾ ਚੌਕ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ‘ਚ ਪੈਸੇ ਕਢਵਾਉਣ ਲਈ ਕਤਾਰ ‘ਚ ਖੜੀ ਬਜ਼ੁਰਗ ਔਰਤ ਆਸ਼ਾ ਰਾਣੀ ਨੂੰ ਬੈਂਕ ਦੇ ਸੁਰੱਖਿਆ ਗਾਰਡ ਨੇ ਧੱਕਾ ਮਾਰ ਦਿੱਤਾ, ਮਹਿਲਾ ਦੀ ਡਿੱਗਣ ਸਾਰ ਮੌਤ ਹੋ ਗਈ। ਰੋਹ ਵਿਚ ਆਏ ਲੋਕਾਂ ਵਲੋਂ ਸੜਕ ‘ਤੇ ਧਰਨਾ ਦੇ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ । ਪੁਲਿਸ ਅਧਿਕਾਰੀ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰਦੇ ਰਹੇ।