ਸ਼ੇਰ ਸਿੰਘ ਘੁਬਾਇਆ ਦੇ ਕਾਲਜ ‘ਤੇ ਰੇਡ

ਤੱਕੜੀ ‘ਚੋਂ ਉਡਣ ਦੇ ਡਰੋਂ ਪਰ ਕੁਤਰਨ ਦੀ  ਕੋਸ਼ਿਸ਼!!
-ਪੰਜਾਬੀਲੋਕ ਬਿਊਰੋ
ਅਕਾਲੀ ਐਮ ਪੀ ਸ਼ੇਰ ਸਿੰਘ ਘੁਬਾਇਆ ਦਾ ਟੱਬਰ ਕਾਂਗਰਸ ਵੱਲ ਜਾਣ ਦੀ ਤਿਆਰੀ ਕਰ ਰਿਹਾ ਹੈ, ਤਾਂ ਜ਼ਾਹਰ ਹੈ ਕਿ ਘੁਬਾਇਆ ਸਾਹਿਬ ਵੀ ਨਾਲ ਹੀ ਹੋਣਗੇ, ਤੇ ਜੇ ਉਹ ਬਾਦਲਕਿਆਂ ਪ੍ਰਤੀ ਵਫਾਦਾਰੀ ਨਹੀਂ ਰੱਖਦੇ ਤਾਂ ਫੇਰ ਸਰਕਾਰ ਵੀ ਉਹਨਾਂ ‘ਤੇ ਮਿਹਰਬਾਨ ਕਿਵੇਂ ਹੋਊ??
ਕੱਲ ਫਾਜ਼ਿਲਕਾ ਜ਼ਿਲੇ ‘ਚ ਪੈਂਦੇ ਪਿੰਡ ਸੁਖੇਰਾ ਬੋਦਲਾ ਕੋਲ ਘੁਬਾਇਆ ਸਾਹਿਬ ਦੇ ਇੰਜੀਨੀਅਰਿੰਗ ਕਾਲਜ ‘ਤੇ ਵਿਜੀਲੈਂਸ ਨੇ ਰੇਡ ਪਾਈ। ਰੇਡ ਵੀ ਉਦੋਂ ਹੋਈ ਜਦ ਘੁਬਾਇਆ ਟੱਬਰ ਦਿੱਲੀ ਕਿਸੇ  ਖਾਸ ਸਮਾਗਮ ਲਈ ਗਿਆ ਹੋਇਆ ਸੀ। ਕਾਂਗਰਸ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਸੀ, ਪਰ ਟਾਲਣਾ ਪਿਆ, ਕਈ ਕਾਰੋਬਾਰ ਜੋ ਨੇ, ਵਖਤ ਖੜਾ ਹੋ ਜਾਊ ਵੱਡਿਆਂ ਦੀ ਤੱਕੜੀ ‘ਚੋਂ ਛਾਲ ਮਾਰ ਕੇ..। ਕੱਲ ਵਾਲੀ ਰੇਡ ਨੂੰ ਵੀ ਇਸੇ ਨਾਲ ਜੋੜਿਆ ਜਾ ਰਿਹੈ।
ਪਰ ਵਿਜੀਲੈਂਸ ਵਾਲੇ ਕਹਿੰਦੇ, ਇਹ ਤਾਂ ਰੂਟੀਨ ਦੀ ਕਾਰਵਾਈ ਸੀ, ਜਦਕਿ ਕਾਲਜ ਪ੍ਰਿੰਸੀਪਲ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲੀ ਵਾਰ ਰੇਡ ਪਈ ਹੈ, ਤੇ ਡੀ ਐਸ ਪੀ ਤੇ ਇੰਸਪੈਕਟਰ ਨੇ ਪਿਛਲੇ 3 ਸਾਲਾਂ ਦੀ ਸਕਾਲਰਸ਼ਿਪ ਦੇ ਰਿਕਾਰਡ ਬਾਰੇ ਪੁੱਛ ਪੜਤਾਲ ਕੀਤੀ ਸੀ, ਜਦ ਪੱਤਰਕਾਰਾਂ ਨੇ ਡੀ ਐਸ ਪੀ ਨੂੰ ਰੇਡ ਬਾਰੇ ਪੁੱਛਿਆ ਤਾਂ ਉਹ ਸਾਫ ਈ ਮੁੱਕਰ ਗਿਆ , ਆਂਹਦਾ ਨਾ ਜੀ ਨਾ,, ਅਸੀਂ ਕੋਈ ਛਾਪੇਮਾਰੀ ਨਹੀਂ ਕੀਤੀ, ਰਿਕਾਰਡ ਚੈਕ ਕਰਨ ਦਾ ਸਵਾਲ ਫੇਰ ਕਿਵੇਂ ਪੈਦਾ ਹੋਊ..।
ਵਿਜੀਲੈਂਸ ਵਾਲੇ ਨੇ .. .. ਕਿਹੜਾ ਝੂਠ ਬੋਲਦੇ ਨੇ? ਹੋ ਸਕਦੈ ਕਾਲਜ ਵਾਲਿਆਂ ਨੂੰ ਕੋਈ ਪੌਣ ਆ ਗਈ ਹੋਵੇ।
ਪਰ ਕਹਿੰਦੇ ਨੇ ਕਿ ਘੁਬਾਇਆ ਸਾਹਿਬ ਨੂੰ ਮਨਾ ਲਿਆ ਗਿਐ, ਫਰਜ਼ੰਦ ਦਵਿੰਦਰ ਸਿੰਘ ਨੂੰ ਮਲੋਟ ਤੋਂ ਟਿਕਟ ਦੇਣ ਦਾ ਭਰੋਸਾ ਦੇ ਦਿੱਤਾ ਗਿਐ। ਜੇ ਸ਼ੇਰ ਸਿੰਘ ਘੁਬਾਇਆ ਬਾਦਲ ਦਲ ਨੂੰ ਛੱਡ ਕੇ ਜਾਂਦੇ ਤਾਂ ਰਾਇ ਸਿੱਖ ਬਰਾਦਰੀ ਦੀ ਵੋਟ ਬੈਂਕ ਵੀ ਨਾਲ ਹੀ ਖਿਸਕ ਜਾਂਦੀ ਤੇ ਇਸ ਦਾ ਅਸਰ ਚਾਰ ਵਿਧਾਨ ਸਭਾ ਸੀਟਾਂ ਫਿਰੋਜ਼ਪੁਰ ਦਿਹਾਤੀ, ਗੁਰੂ ਹਰਸਹਾਇ, ਜਲਾਲਾਬਾਦ ਤੇ ਫਾਜ਼ਿਲਕਾ ‘ਤੇ ਪੈਣਾ ਹੈ। ਸਭ ਤੋਂ ਵੱਡੀ ਸਿਰਦਰਦੀ ਖੁਦ ਸੁਖਬੀਰ ਬਾਦਲ ਨੂੰ ਹੁੰਦੀ, ਜੋ ਜਲਾਲਾਬਾਦ ਤੋਂ ਚੋਣ ਲੜਨਾ ਚਾਹੁੰਦੇ ਨੇ। ਜਿਥੇ ਪਹਿਲਾਂ ਹੀ ਵੱਡੀ ਚੁਣੌਤੀ ਕਾਕਾ ਜੀ ਨੂੰ ਉਡੀਕ ਰਹੀ ਹੈ। ਜੀਹਦਾ ਨੌਂਅ ਲੈਣ ਦੀ ਲੋੜ ਤਾਂ ਨਹੀਂ.. ਪਰ ਫੇਰ ਵੀ ਖਬਰਾਂ ‘ਚ ਨੌਂਅ ਬੋਲ ਰਿਹੈ, ਭਗਵੰਤ ਮਾਨ ਦਾ। ਸੋ ਕਾਕਾ ਜੀ ਕਿਸੇ ਵੀ ਹਾਲ ਘੁਬਾਇਆ ਨੂੰ ਪਾਰਟੀ ਵਿੱਚ ਰੋਕਣਾ ਚਾਹ ਰਹੇ ਨੇ ਦਾਬੇ ਪਾ ਕੇ ਵੀ ਤੇ ਲਾਲਚ ਦੇ ਕੇ ਵੀ..।