ਅਲਵਿਦਾ ਅੰਮਾ..

ਜੈਲਲਿਤਾ ਦੀ ਮੌਤ ‘ਤੇ ਦੇਸ਼ ਭਰ ‘ਚ ਸੋਗ
-ਪੰਜਾਬੀਲੋਕ ਬਿਊਰੋ
ਬੀਤੀ ਰਾਤ ਸਵਾ ਕੁ 11 ਵਜੇ ਜੈਲਲਿਤਾ ਨੇ ਆਖਰੀ ਸਾਹ ਲਿਆ। ਉਹਨਾਂ ਦੀ ਮੌਤ ਬਾਰੇ ਜਾਣਕਾਰੀ ਸਵਾ ਬਾਰਾਂ ਵਜੇ ਦਿੱਤੀ ਗਈ, ਮੌਤ ਦੀ ਖਬਰ ਨਸ਼ਰ ਹੁੰਦਿਆਂ ਹੀ ਦੇਸ਼ ਭਰ ਵਿੱਚ ਸੋਗ ਦੀ ਲਹਿਰ ਪੱਸਰ ਗਈ। ਉਹਨਾਂ ਦੇ ਸਮਰਥਕਾਂ ਦਾ ਵਿਰਲਾਪ ਫਿਜ਼ਾ ਨੂੰ ਗਮਗੀਨ ਬਣਾ ਰਿਹਾ ਹੈ। ਆਪਣੀ ਮਹਿਬੂਬ ਨੇਤਾ ਦੀ ਲੰੰਮੀ ਉਮਰ ਦੀ ਕਾਮਨਾ ਕਰਦੇ ਲੱਖਾਂ ਲੋਕ ਉਦਾਸੇ ਗਏ।
68 ਸਾਲਾ ਜੈਲਲਿਤਾ ਬੇਸ਼ੱਕ ਕਈ ਵਿਵਾਦਾਂ ਵਿੱਚ ਘਿਰੀ ਰਹੀ, ਪਰ ਜਨਤਾ ਵਿੱਚ ਉਹ ਮਾਂ-ਅੰਮਾ-ਵਜੋਂ ਪੂਜੀ ਜਾਂਦੀ ਰਹੀ ਹੈ।  ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਜ਼ਿੰਦਗੀ ਵਿੱਚ ਵਕੀਲ ਬਣਨਾ ਚਾਹੁੰਦੀ ਸੀ ਪਰ ਕਿਸਮਤ ਨੇ ਉਹਨਾਂ ਨੂੰ ਰਾਜਨੀਤੀ ਵਿੱਚ ਧੱਕ ਦਿੱਤਾ।  ਜੈਲਲਿਤਾ ਲਈ ਇਹ ਦੋਵੇਂ ਖੇਤਰ ਆਸਾਨ ਨਹੀਂ ਸਨ।  ਜੈਲਲਿਤਾ ਨੇ 140 ਫਿਲਮਾਂ ਕੀਤੀਆਂ, 8 ਵਾਰ ਵਿਧਾਇਕ, ਇੱਕ ਵਾਰ ਰਾਜ ਸਭਾ ਦੇ ਮੈਂਬਰ ਤੇ ਪੰਜ ਵਾਰ ਉਹ ਤਾਮਿਲਨਾਡੂ ਦੀ ਮੁੱਖ ਮੰਤਰੀ ਬਣੀ।
ਜੈਲਲਿਤਾ ਦਾ ਜਨਮ ਤਾਮਿਲਨਾਡੂ ਦੇ ਮਾਂਡਿਆ ਜ਼ਿਲੇ ਦੇ ਪਿੰਡ ਮੇਲੂਰਕੋਟ ਪਿੰਡ ਵਿੱਚ 24 ਫਰਵਰੀ, 1948 ਨੂੰ ਹੋਇਆ ਸੀ।  ਜੈਲਲਿਤਾ ਦੇ ਪਿਤਾ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਸਿਰਫ ਦੋ ਸਾਲ ਦੀ ਸੀ। ਜੈਲਲਿਤਾ ਦੀ ਮਾਂ ਵੇਦਵੱਲੀ ਤਾਮਿਲ ਸਿਨੇਮਾ ਨਾਲ ਜੁੜੀ ਹੋਈ ਸੀ।  ਮਾਂ ਦੇ ਸਿਨੇਮਾ ਵਿੱਚ ਜ਼ਿਆਦਾ ਰੁੱਝ ਜਾਣ ਕਾਰਨ ਜੈਲਲਿਤਾ ਨੇ ਬੰਗਲੂਰ ਵਿਖੇ ਆਪਣੀ ਮਾਸੀ ਤੇ ਨਾਨਾ-ਨਾਨੀ ਕੋਲ ਆਪਣੀ ਪੜਾਈ ਪੂਰੀ ਕੀਤੀ।   ਮਾਸੀ ਦੇ ਵਿਆਹ ਤੋਂ ਬਾਅਦ ਜੈਲਲਿਤਾ ਆਪਣੀ ਮਾਂ ਕੋਲ ਚੇਨਈ ਚਲੀ ਗਈ।  ਪੜੀਈ ਵਿੱਚ ਹੁਸ਼ਿਆਰ ਹੋਣ ਦੇ ਬਾਵਜੂਦ ਜੈਲਲਿਤਾ ਦੀ ਮਾਂ ਨੇ ਉਸ ਨੂੰ ਫਿਲਮਾਂ ਵਿੱਚ ਕੰਮ ਕਰਨ ਲਾ ਦਿੱਤਾ। ਇਸ ਤੋਂ ਬਾਅਦ ਜੈਲਲਿਤਾ ਦੀ ਫਿਲਮ ਸਫਰ ਸ਼ੁਰੂ ਹੋਇਆ।  ਜੈਲਲਿਤਾ ਨੇ ਕਈ ਹਿੱਟ ਫਿਲਮਾਂ ਦਿੱਤੀਆਂ।  ਇਸ ਤੋਂ ਬਾਅਦ ਉਸ ਨੇ ਹਿੰਦੀ ਸਿਨੇਮਾ ਵਿੱਚ ਆਪਣੀ ਕਿਸਮਤ ਅਜਮਾਈ। ਜੈਲਲਿਤਾ ਨੂੰ ਰਾਜਨੀਤੀ ਵਿੱਚ ਐਮ.ਜੀ. ਰਾਮਚੰਦਰਨ ਲੈ ਕੇ ਆਏ।  1982 ਵਿੱਚ ਉਸ ਨੇ ਏ.ਆਈ.ਏ.ਡੀ.ਐਮ.ਕੇ. ਦੀ ਮੈਂਬਰਸ਼ਿੱਪ ਹਾਸਲ ਕੀਤੀ।  1983 ਵਿੱਚ ਉਸ ਨੇ ਚੋਣ ਲੜੀ ਤੇ ਪਹਿਲੀ ਵਾਰ ਐਮ.ਜੀ. ਰਾਮਚੰਦਰਨ ਨੇ 1984 ਵਿੱਚ ਉਹਨਾਂ ਨੂੰ ਰਾਜ ਸਭਾ ਵਿੱਚ ਭੇਜਿਆ।
ਸਾਲ 1988 ਵਿੱਚ ਐਮ ਜੀ ਰਾਮਚੰਦਰਨ ਦਾ ਦੇਹਾਂਤ ਹੋ ਗਿਆ ਤੇ ਪਾਰਟੀ ਦੋ ਖੇਮਿਆਂ ਵਿੱਚ ਵੰਡੀ ਗਈ।  ਇੱਕ ਧਿਰ ਦੀ ਅਗਵਾਈ ਐਮ.ਜੀ. ਰਾਮਚੰਦਰਨ ਦੀ ਪਤਨੀ ਕਰ ਰਹੀ ਸੀ ਤੇ ਦੂਜੇ ਧਿਰ ਦੀ ਅਗਵਾਈ ਜੈਲਲਿਤਾ ਕਰ ਲਈ ਸੀ।  ਇਸ ਦੌਰਾਨ ਜੈਲਲਿਤਾ ਦੀ ਪਾਰਟੀ ਦੇ ਛੇ ਵਿਧਾਇਕ ਤਾਮਿਲਨਾਡੂ ਵਿਧਾਨ ਸਭਾ ਵਿੱਚ ਆਯੋਗ ਹੋ ਗਏ।  ਇਸ ਤੋਂ ਬਾਅਦ ਰਾਮਚੰਦਰਨ ਦੀ ਪਤਨੀ ਪਹਿਲੀ ਵਾਰ ਸੂਬੇ ਦੀ ਮਹਿਲਾ ਮੁੱਖ ਮੰਤਰੀ ਬਣੀ। ਇਸ ਦੌਰਾਨ 25 ਮਾਰਚ, 1989 ਨੂੰ ਤਾਮਿਲਨਾਡੂ ਵਿਧਾਨ ਵਿੱਚ ਅਜਿਹੀ ਘਟਨਾ ਹੋਈ ਜਿਸ ਕਾਰਨ ਜੈਲਲਿਤਾ ਹੀਰੋ ਬਣ ਗਈ।   ਅਸਲ ਵਿੱਚ ਵਿਧਾਨ ਸਭਾ ਵਿੱਚ ਸੱਤਾਰੂੜ ਪਾਰਟੀ ਤੇ ਜੈਲਲਿਤਾ ਦੀ ਪਾਰਟੀ ਦੇ ਵਿਧਾਇਕਾਂ ਦੀ ਝੜਪ ਹੋ ਗਈ।  ਇਸ ਦੌਰਾਨ ਜੈਲਲਿਤਾ ਨਾਲ ਵੀ ਖਿੱਚਧੂਹ ਹੋਈ।  ਪੂਰੇ ਸੂਬੇ ਵਿੱਚ ਜੈਲਲਿਤਾ ਪ੍ਰਤੀ ਲੋਕਾਂ ਦੀ ਹਮਦਰਦੀ ਵਧਣ ਲੱਗੀ।  1991 ਵਿੱਚ ਹੋਏ ਵਿਧਾਨ ਸਭਾ ਚੋਣਾਂ ਦੌਰਾਨ ਜੈਲਲਿਤਾ ਦੇ ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣਾਈ।
ਵਿਧਾਨ ਸਭਾ ਵਿੱਚ ਉਸ ਦੀ ਪਾਰਟੀ ਨੇ 234 ਵਿੱਚੋਂ 225 ਸੀਟਾਂ ਜਿੱਤੀਆਂ।  ਇਸ ਤੋਂ ਬਾਅਦ ਉਹਨਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਪੰਜ ਵਾਰ ਉਹਨਾਂ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ।  ਤਾਮਿਲਨਾਡੂ ਵਿੱਚ ਜੈਲਲਿਤਾ ਨੇ ਲੋਕਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ।  ਸਾਰੀਆਂ ਯੋਜਨਾਵਾਂ ਅੰਮਾ ਦੇ ਨਾਮ ਨਾਲ ਹਨ।  ਇਸ ਕਰਕੇ ਜ਼ਿਆਦਾ ਲੋਕ ਉਹਨਾਂ ਨੂੰ ਅੰਮਾ ਹੀ ਆਖਦੇ ਰਹੇ ਹਨ।
ਉਹਨਾਂ ਦੇ ਦੇਹਾਂਤ ਮਗਰੋਂ ਦੇਸ਼ ਭਰ ਵਿੱਚ ਸਰਕਾਰੀ ਸੋਗ ਮਨਾਇਆ ਜਾ ਰਿਹਾ ਹੈ।