ਘੁਬਾਇਆ ਦੀ ਵਹੁਟੀ ਤੇ ਪੁੱਤ ਵੀ ਕਾਂਗਰਸ ਵੱਲ ਨੂੰ..

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਵਿੱਚ ਸ਼ਾਇਦ ਐਤਕੀਂ ਦਲ ਬਦਲੂਆਂ ਨੂੰ ਸਭ ਤੋਂ ਵੱਧ ਟਿਕਟਾਂ ਮਿਲ ਰਹੀਆਂ ਨੇ।  ਪਹਿਲੀ ਝਾਤ ‘ਤੇ ਤਾਂ ਇਹੀ ਜਾਪਦਾ ਹੈ।
ਅਕਾਲੀ ਧਨੰਤਰ ਕਾਂਗਰਸ ‘ਚ ਜਾ ਰਹੇ ਨੇ, ਟਿਕਟਾਂ ਪਾ ਰਹੇ ਨੇ।
ਹੁਣ ਦੱਸਿਆ ਜਾ ਰਿਹਾ ਹੈ ਕਿ ਐਮ ਪੀ ਸ਼ੇਰ ਸਿੰਘ ਘੁਬਾਇਆ ਦੀ ਸ਼ਰੀਕੇ ਹਯਾਤ ਤੇ ਫਰਜ਼ੰਦ ਕਾਂਗਰਸ ‘ਚ ਜਾ ਰਹੇ ਨੇ। ਅੱਜ ਬਕਾਇਦਾ ਐਲਾਨ ਹੋ ਸਕਦਾ ਹੈ। ਜਥੇਦਾਰ ਘੁਬਾਇਆ ਦੀ ਪਤਨੀ ਕ੍ਰਿਸ਼ਨਾ ਦੇਵੀ ਤੇ ਪੁੱਤਰ ਦਵਿੰਦਰ ਸਿੰਘ ਨੂੰ ਕੈਪਟਨ ਸਾਹਿਬ ਆਪਣੇ ਦਿੱਲੀ ਵਿਚਲੇ ਘਰ ਸੱਦੀ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਕਰਨ ਦਾ ਐਲਾਨ ਕਰਨਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦਵਿੰਦਰ ਨੂੰ ਜਲਾਲਾਬਾਦ ਜਾਂ ਫਾਜ਼ਿਲਕਾ ਤੋਂ ਟਿਕਟ ਦਿੱਤੀ ਜਾ ਸਕਦੀ ਹੈ, ਪਰ ਇਸ ‘ਤੇ ਕਾਂਗਰਸ ਵਿੱਚ ਬਗਾਵਤ ਹੋ ਸਕਦੀ ਹੈ, ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਪਹਿਲਾਂ ਹੀ ਦਲਬਦਲੂਆਂ ਨੂੰ ਦਿੱਤੀਆਂ ਜਾ ਰਹੀਆਂ ਟਿਕਟਾਂ ਦੀ ਵਿਰੋਧਤਾ ਕਰ ਰਹੇ ਨੇ।
ਓਧਰ ਬੀਬੀ ਨਵਜੋਤ ਕੌਰ ਸਿੱਧੂ ਬਸ਼ੱਕ ਕਾਫੀ ਜੱਦੋਜਹਿਦ ਮਗਰੋਂ ਕਾਂਗਰਸ  ਵਿੱਚ ਆਈ ਹੈ ਤੇ ਭੂਚਾਲ ਲਿਆਊ ਬਿਆਨ ਲਗਾਤਾਰ ਦੇ ਰਹੀ ਹੈ, ਹੁਣ ਬੀਬਾ ਜੀ ਨੇ ਕਿਹਾ ਹੈ ਕਿ ਮੇਰਾ ਵਿਚਾਰ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਵਿਧਾਨ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਨੇ। ਹਾਲਾਂਕਿ ਚਰਚਾ ਹੋ ਰਹੀ ਸੀ ਕਿ ਕੈਪਟਨ ਨੇ ਲੋਕ ਸਭਾ ਤੋਂ ਅਸਤੀਫਾ ਦੇ ਕੇ ਨਵਜੋਤ ਸਿੰਘ ਲਈ ਇਹ ਸੀਟ ਖਾਲੀ ਕੀਤੀ ਹੈ, ਤੇ ਉਸ ਨੂੰ ਇਥੋਂ ਲੋਕ ਸਭਾ ਚੋਣ ਲੜਾਈ ਜਾ ਸਕਦੀ ਹੈ, ਪਰ ਬੀਬੀ ਤਾਂ ਕੁਝ ਹੋਰ ਹੀ ਬੀਨ ਵਜਾ ਰਹੀ ਹੈ। ਪਾਰਟੀ ਫਿਲਹਾਲ ਬੀਬਾ ਜੀ ਦੇ ਇਸ ਵਿਚਾਰ ‘ਤੇ ਖਾਮੋਸ਼ ਹੈ, ਪਰ ਉਹਨਾਂ ਨੂੰ ਜਿਵੇਂ ਕਿਵੇਂ ਪਾਰਟੀ ਵਿੱਚ ਬਰਦਾਸ਼ਤ ਕਰਨ ਵਾਲੇ ਹਾਈਕਮਾਂਡ ਕੋਲ ਮਸਲਾ ਪੁਚਾਉਣ ਲਈ ਵਿਚਾਰਾਂ ਕਰ ਰਹੇ ਨੇ।
ਓਧਰ ਸ੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਤੋਂ ਦੇਸਰਾਜ ਧੁੱਗਾ ਦੀ ਟਿਕਟ ਕੱਟ ਦਿੱਤੀ ਗਈ ਹੈ, ਇਸ ‘ਤੇ ਦੂਜੇ ਅਕਾਲੀ ਧੜੇ ਨੇ ਮਿਠਾਈਆਂ ਵੰਡੀਆਂ ਤੇ ਆਤਿਸ਼ਬਾਜ਼ੀ ਚਲਾਈ।