ਨੋਟਬੰਦੀ-ਪੀ ਐਮ ਨੇ ਮੰਨਿਆ ਗਲਤੀ ਹੋ ਗਈ..??

ਜਨਤਾ ਦੀਆਂ ਮੁਸ਼ਕਲਾਂ 28ਵੇਂ ਦਿਨ ਵੀ ਕਾਇਮ
-ਪੰਜਾਬੀਲੋਕ ਬਿਊਰੋ
ਹੁਣ ਤੱਕ ਤਾਂ ਇਹੀ ਖਬਰਾਂ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੋਟਬੰਦੀ ਨੂੰ ਲੈ ਕੇ ਲਗਾਤਾਰ ਆਪਣਾ ਬਚਾਅ ਕਰਦੇ ਆ ਰਹੇ ਨੇ, ਵਿਰੋਧੀ ਧਿਰਾਂ ਦੇ ਹੰਗਾਮੇ ਦੇ ਬਾਵਜੂਦ ਸੰਸਦ ਵਿੱਚ ਚਰਚਾ ਨਹੀਂ ਕਰ ਰਹੇ। ਪਰ ਸੂਤਰ ਦਾਅਵਾ ਕਰ ਰਹੇ ਨੇ ਕਿ ਤੇਲੰਗਾਨਾ ਦੇ ਸੀ ਐਮ ਚੰਦਰਸ਼ੇਖਰ ਰਾਵ ਨਵੇਂ ਨੋਟ ਨਾ ਮਿਲਣ ਕਰਕੇ ਜਨਤਾ ਨੂੰ ਦਰਪੇਸ਼ ਸਮੱਸਿਆ ਲੈ ਕੇ ਮੋਦੀ ਨੂੰ ਮਿਲੇ ਤੇ 25 ਮਿੰਟ ਦੀ ਇੰਟਰਵਿਊ ਡੂਢ ਘੰਟਾ ਚੱਲੀ, ਜਿਸ ਦੌਰਾਨ ਮੋਦੀ ਨੇ ਆਖਰ ਕਬੂਲ ਕਰ ਹੀ ਲਿਆ ਕਿ ਨੋਟਬੰਦੀ ਆਪਣੇ ਆਪ ਵਿੱਚ ਬਹੁਤ ਵੱਡੀ ਭੁੱਲ ਹੈ, ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਬਹੁਤ ਸਾਰਾ ਧਿਆਨ ਦੇਣਾ ਚਾਹੀਦਾ ਸੀ।
ਇਸ ਦੌਰਾਨ ਇਹ ਖਬਰ ਵੀ ਆ ਰਹੀ ਹੈ ਕਿ ਕਰੰਸੀ ਦੀ ਕਮੀ ਕਾਰਨ ਰਿਜ਼ਰਵ ਬੈਂਕ ਆਫ ਇੰਡੀਆ 100 ਦੇ ਨਵੇਂ ਨੋਟ ਲਿਆ ਰਿਹਾ ਹੈ।
ਨੋਟਬੰਦੀ ਦਾ ਅੱਜ 28ਵਾਂ ਦਿਨ ਹੈ ਪਰ ਜਨਤਾ ਦੀਆਂ ਮੁਸ਼ਕਲਾਂ ਅਜੇ ਵੀ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ।  ਬੈਂਕਾਂ ‘ਚ ਪਿਆ ਆਪਣਾ ਹੀ ਪੈਸਾ ਲੈਣ ਲਈ ਲਾਈਨਾਂ ‘ਚ ਲੱਗੇ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ।
ਨੋਟਬੰਦੀ ਨੇ ਤਾਂ ਦਿੱਲੀ-ਲਹੌਰ ਬੱਸ ਦੇ ਪਹੀਏ ਵੀ ਜਾਮ ਕਰ ਦਿੱਤੇ। ਅੰਮ੍ਰਿਤਸਰ ਵਿੱਚ ਬੈਂਕ ਤੇ ਏ.ਟੀ.ਐਮ. ਬਾਹਰ ਲੰਮੀਆਂ ਲਾਈਨਾਂ ‘ਚ ਲੱਗਣ ਦੇ ਬਾਵਜੂਦ ਪੈਸੇ ਨਾ ਮਿਲਣ ‘ਤੇ ਭੜਕੇ ਲੋਕਾਂ ਨੇ ਖਾਸਾ ਪਿੰਡ ਨੇੜੇ ਅਟਾਰੀ ਸਰਹੱਦ ਵੱਲ ਜਾਂਦੀ ਦਿੱਲੀ ਲਾਹੌਰ ਬੱਸ ਨੂੰ ਹੀ ਰੋਕ ਲਿਆ ਤੇ ਜਾਮ ਲਾ ਦਿੱਤਾ। ਬੱਸ ਦੇ ਅੱਗੇ ਪਿੱਛੇ ਜਾ ਰਹੀਆਂ ਪਾਈਲਟ ਗੱਡੀਆਂ ‘ਚ ਮੌਜੂਦ ਸੁਰੱਖਿਆ ਕਰਮੀ ਵੀ ਰਾਸਤਾ ਖੁਲਵਾਉਣ ‘ਚ ਅਸਮਰਥ ਰਹੇ।  ਇਸ ‘ਤੇ ਤੁਰੰਤ ਸਥਾਨਕ ਖਾਸਾ ਥਾਣੇ ਤੋਂ ਪੁਲਿਸ ਨੂੰ ਬੁਲਾਇਆ ਗਿਆ।  ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਸਮਝਾ ਬੁਝਾ ਕੇ ਕਰੀਬ 15 ਮਿੰਟ ਬਾਅਦ ਜਾਮ ਖੁੱਲਵਾਇਆ ਤੇ ਦਿੱਲੀ-ਲਾਹੌਰ ਬੱਸ ਨੂੰ ਅੱਗੇ ਰਵਾਨਾ ਕੀਤਾ ਗਿਆ।
ਓਧਰ ਗੁਹਾਟੀ ‘ਚ ਅੱਜ ਪੁਲਿਸ ਨੇ ਨਵੇਂ 500 ਦੇ ਜਾਅਲੀ ਨੋਟ ਬਰਾਮਦ ਕੀਤੇ ਹਨ।  ਨਵੇਂ 500 ਨੋਟਾਂ ਦੇ 10 ਹਜ਼ਾਰ ਰੁਪਏ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਸਾਫ ਹੈ ਕਿ ਨਕਲੀ ਕਰੰਸੀ ਅਸਲੀ ਨਾਲੋਂ ਪਹਿਲਾਂ ਮਾਰਕਿਟ ਵਿੱਚ ਆ ਚੁੱਕੀ ਹੈ।