ਮੋਦੀ ਦੀ ਟੋਪੀ ਤੇ ਜੁੱਤੀ ‘ਤੇ ਵਿਵਾਦ

ਸ੍ਰੀ ਹਰਿਮੰਦਰ ਸਾਹਿਬ ‘ਚ ਜੁੱਤੀ ਤੇ ਟੋਪੀ ਪਾ ਕੇ ਗਏ
-ਅਮਨ
ਬਾਬਾ ਬੁੱਲੇ ਸ਼ਾਹ ਕਹਿੰਦੇ ਨੇ-
ਸਿਰ ਤੇ ਟੋਪੀ ਤੇ ਨੀਅਤ ਖੋਟੀ
ਲੈਣਾ ਕੀ ਟੋਪੀ ਸਿਰ ਧਰ ਕੇ
ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਵੇਲੇ ਪਾਈ ਮੋਦੀ ਸਾਹਿਬ ਦੇ ਸਿਰ ਦੀ ਟੋਪੀ ਨੇ ਪੰਥਕ ਸਿਆਸਤ ਵਿੱਚ ਭੂਚਾਲ ਲੈ ਆਂਦਾ ਹੈ। ਸਵਾਲਾਂ ਦੀ ਵਾਛੜ ਹੋ ਰਹੀ ਹੈ, ਪਰ ਵੱਡੇ ਦੜ ਵੱਟ ਕੇ ਬਹਿ ਗਏ ਨੇ।
ਦਿੱਲੀ ਗੁਰਦੁਆਰਾ ਕਮੇਟੀ ਮੋਦੀ ਜੀ ਦਾ ਬਚਾਅ ਕਰ ਰਹੀ ਹੈ, ਕਮੇਟੀ ਦਾ ਕਹਿਣਾ ਹੈ ਕਿ ਕੁਝ ਲੋਕ ਸੋਸ਼ਲ ਮੀਡੀਆ ਜ਼ਰੀਏ ਇਸ ਪਾਵਨ ਤੀਰਥ ਅਸਥਾਨ ‘ਤੇ ਕੱਟੜਤਾ ਥੋਪਣ ਦੀ ਕੋਸ਼ਿਸ਼ ਕਰ ਰਹੇ ਨੇ। ਮਨਜੀਤ ਸਿੰਘ ਜੀ ਕੇ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਦੀ ਮਰਿਆਦਾ ਐਨੀ ਕਮਜ਼ੋਰ ਨਹੀਂ ਕਿ ਪ੍ਰਧਾਨ ਮੰਤਰੀ ਦੇ ਆਉਣ ‘ਤੇ ਬਦਲ ਜਾਵੇ। ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂ ਦੀ ਸ਼ਰਧਾ ਦੇਖਣੀ ਚਾਹੀਦੀ ਹੈ, ਨਾ ਕਿ ਪੁਸ਼ਾਕ।
ਪਰ ਜੀ ਕੇ ਸਾਹਿਬ ਨੂੰ ਵਿਸਰ ਰਿਹਾ ਹੈ ਕਿ ਇਸ ਪਾਵਨ ਅਸਥਾਨ ‘ਤੇ ਟੋਪੀ ਪਾ ਕੇ ਜਾਣ ਦੀ ਮਨਾਹੀ ਹੈ। ਹਰੇਕ ਸ਼ਰਧਾਲੂ ਰੁਮਾਲ ਜਾਂ ਕਿਸੇ ਵੀ ਕੱਪੜੇ ਨਾਲ ਸਿਰ ਕੱਜ ਕੇ ਅੰਦਰ ਜਾਂਦਾ ਹੈ। ਹਰੇਕ ਸ਼ਰਧਾਲੂ ਜੋੜੇ ਬਾਹਰ ਲਾਹ ਕੇ ਜਾਂਦਾ ਹੈ, ਪਰ ਸੋਸ਼ਲ ਮੀਡੀਆ ‘ਤੇ ਪੀ ਐਮ ਮੋਦੀ ਤੇ ਉਹਨਾਂ ਦੇ ਸੁਰੱਖਿਆ ਅਮਲੇ ਵਲੋਂ ਹੈਰੀਟੇਜ ਵਾਕ ਵੇਲੇ ਜੁੱਤੀਆਂ ਪਾਈਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ।
ਪ੍ਰੋ ਬਡੂੰਗਰ ਸਾਹਿਬ ਕਹਿੰਦੇ ਨੇ ਕਿ ਮੈਨੂੰ ਤਾਂ ਖੁਦ ਨੂੰ ਮੀਡੀਆ ਤੋਂ ਪਤਾ ਲੱਗਿਆ ਹੈ, ਮੋਦੀ ਦੀ ਟੋਪੀ ਦੀ ਪੜਤਾਲ ਕਰਾਂਗੇ , ਪਰ ਜਥੇਦਾਰ ਸਾਹਿਬ ਜੋ ਕੀਰਤਨ ਬੰਦ ਕਰਵਾਇਆ, ਉਸ ਦਾ ਕੀ ਕਰੋਗੇ??
ਉਡੀਕੋ ਸ਼ਾਇਦ ਜੁਆਬ ਮਿਲ ਜਾਣ..