ਜੈਲਲਿਤਾ ਸਪੁਰਦ ਏ ਖਾਕ

-ਪੰਜਾਬੀਲੋਕ ਬਿਊਰੋ
ਤਮਿਲ ਲੋਕਾਂ ਦੀ ਮਹਿਬੂਬ ਨੇਤਾ ਜੈਲਲਿਤਾ ਨੂੰ ਲੱਖਾਂ ਨਮ ਅੱਖਾਂ ਨੇ ਅੰਤਮ ਵਿਦਾਇਗੀ ਦੇ ਦਿੱਤੀ। ਜੈਲਲਿਤਾ ਦੇ ਅੰਤਮ ਦਰਸ਼ਨਾਂ ਲਈ ਆਏ ਲੱਖਾਂ ਲੋਕਾਂ ਵਿਚੋਂ ਬਹੁਤੇ ਕਾਬੂ ਤੋਂ ਬਾਰ ਹੋ ਰਹੇ ਸਨ, ਪੁਲਿਸ ਨੂੰ ਲਾਠੀਚਾਰਜ ਕਰਕੇ ਭੀੜ ਨੂੰ ਕੰਟਰੋਲ ਕਰਨਾ ਪਿਆ। ਹਰ ਪਾਸੇ ਕਰੁਣਾਮਈ ਮਹੌਲ ਸੀ, ਆਮ ਲੋਕਾਂ ਦੇ ਨਾਲ ਨਾਲ ਤਕਰੀਬਨ ਹਰੇਕ ਪਾਰਟੀ ਦੇ ਨੇਤਾ ਜੈਲਲਿਤਾ ਨੂੰ ਸ਼ਰਧਾਂਜਲੀ ਦੇਣ ਪੁੱਜੇ। ਪੀ ਐਮ ਮੋਦੀ ਨੇ ਵੀ ਚੇਨਈ ਜਾ ਕੇ ਜੈਲਲਿਤਾ ਨੂੰ ਸ਼ਰਧਾਂਜਲੀ ਦਿੱਤੀ।
ਜੈਲਲਿਤਾ ਦਾ ਜਨਮ ਇਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ, ਪਰ ਉਸਨੇ ਖੁਦ ਨੂੰ ਜਾਤੀ ਜਾਂ ਕਿਸੇ ਧਰਮ ਦੀ ਪਕੜ ਤੋਂ ਦੂਰ ਹੀ ਰੱਖਿਆ, ਤੇ ਦ੍ਰਾਵਿੜ ਅੰਦੋਲਨ ਦੇ ਪਿਛੋਕੜ ਨਾਲ ਜੁੜੀ ਹੋਣ ਕਰਕੇ ਜੈਲਲਿਤਾ ਨੂੰ ਪੇਰੀਆਰ, ਅੰਨਾਦੁਰੱਈ, ਤੇ ਐਮ ਜੀ ਰਾਮਚੰਦਰਨ ਵਰਗੀਆਂ ਸ਼ਖਸੀਅਤਾਂ ਦੇ ਕੋਲ ਮੈਰੀਨ ਬੀਚ ‘ਤੇ ਦਫਨਾਇਆ ਗਿਆ।
ਤਾਮਿਲਨਾਡੂ ਸਰਕਾਰ ਨੇ ਜੈਲਲਿਤਾ ਦੇ ਦੇਹਾਂਤ ‘ਤੇ 11 ਦਿਨ ਦਾ ਸਰਕਾਰੀ ਸੋਗ ਤੇ 3 ਦਿਨ ਸ਼ਰਾਬਬੰਦੀ ਦਾ ਐਲਾਨ ਕੀਤਾ ਹੈ। ਹੋਰ ਸੂਬਿਆਂ ਵਿੱਚ ਵੀ ਇਕ ਦਿਨਾ ਸੋਗ ਮਨਾਇਆ ਗਿਆ।