• Home »
  • ਅੱਜ ਦੀ ਖਬਰ
  • » ਸੁਖਬੀਰ ਵਲੋਂ ਪਾਣੀ ਬਚਾਓ-ਪੰਜਾਬ ਬਚਾਓ ਰੈਲੀ ‘ਚ ਪਹੁੰਚਣ ਦਾ ਸੱਦਾ

ਸੁਖਬੀਰ ਵਲੋਂ ਪਾਣੀ ਬਚਾਓ-ਪੰਜਾਬ ਬਚਾਓ ਰੈਲੀ ‘ਚ ਪਹੁੰਚਣ ਦਾ ਸੱਦਾ

-ਪੰਜਾਬੀਲੋਕ ਬਿਊਰੋ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਹੁਣ ਅਕਾਲੀ ਦਲ ਸੂਬੇ ਦੇ ਪਾਣੀਆਂ ਦੀ ਹਰ ਕੀਮਤ ‘ਤੇ ਰਾਖੀ ਕਰਨ ਲਈ ਦ੍ਰਿੜ ਹੈ। ਅੱਜ ਇਥੇ ਮੋਗਾ ਵਿਖੇ 8 ਦਸੰਬਰ ਨੂੰ ਹੋਣ ਵਾਲੀ ਪਾਣੀ ਬਚਾਓ-ਪੰਜਾਬ ਬਚਾਓ ਰੈਲੀ ਸਬੰਧੀ ਦੁਆਬਾ ਖੇਤਰ ਦੇ ਵਿਧਾਇਕਾਂ, ਹਲਕਾ ਇੰਚਾਰਜਾਂ, ਜ਼ਿਲਾ ਪ੍ਰਧਾਨਾ, ਬਲਾਕ ਪ੍ਰਧਾਨਾ, ਐਸ.ਜੀ.ਪੀ.ਸੀ ਮੈਂਬਰਾਂ ਤੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦਰਿਆਈ ਪਾਣੀ ਸੂਬੇ ਦੀ ਆਰਥਿਕਤਾ ਦੀ ਜ਼ਿੰਦਜਾਨ ਹਨ ਅਤੇ ਸੂਬੇ ਦੇ ਭਵਿੱਖ ਲਈ ਇਨਾਂ ਪਾਣੀਆਂ ਦੀ ਰਾਖੀ ਹਰ ਪੰਜਾਬੀ ਦਾ ਕਰਤੱਵ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਨ ਦੀ ਸ਼ੁਰੂਆਤ ਕਾਂਗਰਸ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਕੀਤੀ ਗਈ ਸੀ। ਉਹਨਾਂ ਕਿਹਾ ਕਿ ਰਿਪੇਰੀਅਨ ਸਟੇਟ ਹੋਣ ਦੇ ਬਾਵਜੂਦ ਕੇਂਦਰ ਵਿਚਲੀਆਂ ਕਾਂਗਰਸੀ ਸਰਕਾਰਾਂ ਨੇ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਿਆ ਅਤੇ ਪੰਜਾਬ ਦੀ ਤਤਕਾਲੀ ਕਾਂਗਰਸ ਲੀਡਰਸ਼ਿਪ ਨੇ ਪੰਜਾਬ ਦੀ ਤਬਾਹੀ ਵਾਲੀ ਇਸ ਕਾਰਵਾਈ ਸਮੇਂ ਜਸ਼ਨ ਮਨਾਏ ਸਨ। ਉਹਨਾਂ ਕਿਹਾ ਕਿ ਕਾਂਗਰਸ ਤੋਂ ਇਲਾਵਾ ਪਾਣੀਆਂ ਦੇ ਮਸਲੇ ‘ਤੇ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡਾਂ ਨੇ ਵੀ ਇਹ ਸਚਾਈ ਜੱਗ ਜਾਹਰ ਕਰ ਦਿੱਤੀ ਹੈ ਕਿ ਇਸ ਨਵੀਂ ਉੱਠੀ ਪਾਰਟੀ ਦੇ ਆਗੂ ਵੀ ਪੰਜਾਬ ਵਿਰੋਧੀ ਹਨ। ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਮੋਗਾ ਵਿਖੇ ਕੀਤੀ ਜਾ ਰਹੀ ਇਸ ਰੈਲੀ ਲਈ ਵੱਡੀ ਗਿਣਤੀ ਵਿੱਚ ਪੁੱਜਣ ਲਈ ਸਮੂਹ ਪੰਜਾਬੀਆਂ ਨੂੰ ਸੱਦਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਜੁਝਾਰੂ ਵਰਕਰ ਤੇ ਆਗੂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਦ੍ਰਿੜ ਹੈ। ਉਹਨਾਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਵਿੱਚੋਂ ਬੱਸਾਂ ਦੇ ਨਾਲ-ਨਾਲ 500 ਕਾਰਾਂ ਵੀ ਇਸ ਰੈਲੀ ਲਈ ਰਵਾਨਾ ਹੋਣਗੀਆਂ। ਸ. ਬਾਦਲ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਜਿੱਤ ਯਕੀਨੀ ਹੈ ਕਿਉੰਜੋ ਜਿਥੇ ਗੱਠਜੋੜ ਸਰਕਾਰ ਵੱਲੋਂ ਸੂਬੇ ਦਾ ਮਿਸਾਲੀ ਵਿਕਾਸ ਕਰਵਾਇਆ ਗਿਆ ਹੈ ਉਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਹੀ ਖੇਰੂੰ-ਖੇਰੂੰ ਹੋ ਚੁੱਕੀਆਂ ਹਨ। ਇਸ ਮੌਕੇ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਸਾਬਕਾ ਮੰਤਰੀ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਜਲੰਧਰ ਛਾਉਣੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ, ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼, ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ, ਚੌਧਰੀ ਨੰਦ ਲਾਲ, ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਅਕਾਲੀ ਦਲ ਦੇ ਉਮੀਦਵਾਰ ਬਲਦੇਵ ਖਹਿਰਾ, ਸੇਠ ਸੱਤਪਾਲ  ਮੱਲ, ਅਰਵਿੰਦਰ ਸਿੰਘ ਰਸੂਲਪੁਰ, ਯੂਥ ਅਕਾਲੀ ਦਲ ਆਗੂ ਮਨਜਿੰਦਰ ਸਿੰਘ ਢਿੱਲੋਂ ਤੇ ਹੋਰ ਅਹੁਦੇਦਾਰ ਹਾਜ਼ਰ ਸਨ।