ਵਿਆਹ ‘ਚ ਚੱਲੀ ਗੋਲ਼ੀ, ਡਾਂਸਰ ਦੀ ਮੌਤ

ਮ੍ਰਿਤਕਾ ਗਰਭਵਤੀ ਸੀ
-ਪੰਜਾਬੀਲੋਕ ਬਿਊਰੋ
ਵਿਆਹ ਸਮਾਗਮਾਂ ਵਿੱਚ ਹਥਿਆਰ ਲਿਜਾਣ ‘ਤੇ ਕਾਨੂੰਨੀ ਪਾਬੰਦੀ ਹੈ, ਪਰ ਇਸ ਦੇ ਬਾਵਜੂਦ ਲੋਕ ਆਮ ਹੀ ਹਥਿਆਰ ਨਾ ਸਿਰਫ ਲਿਜਾਂਦੇ ਨੇ, ਬਲਕਿ ਗੋਲ਼ੀਆਂ ਵੀ ਚਲਾਈਆਂ ਜਾਂਦੀਆਂ ਨੇ। ਬਠਿੰਡਾ ਜ਼ਿਲੇ ਵਿੱਚ ਵੀ ਇਕ ਵਿਆਹ ਸਮਾਗਮ ਦੌਰਾਨ ਲਾੜੇ ਦੇ ਦੋਸਤ ਵਲੋਂ ਚਲਾਈ ਗੋਲ਼ੀ ਨੇ ਇਕ ਡਾਂਸਰ ਕੁੜੀ ਦੀ ਜਾਨ ਲੈ ਲਈ। ਮ੍ਰਿਤਕਾ ਕੁਲਵਿੰਦਰ ਕੌਰ ਗਰਭਵਤੀ ਸੀ,  ਪੂਰੀ ਘਟਨਾ ਕੈਮਰੇ ਵਿੱਚ ਵੀ ਕੈਦ ਹੋਈ ਹੈ।  ਪੁਲਿਸ ਨੇ ਚਾਰ ਜਣਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੌੜ ਮੰਡੀ ਦੇ ਇੱਕ ਪੈਲੇਸ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ।  ਸਟੇਜ ਉੇਤੇ ਆਰਕੈਸਟਰਾ ਵਾਲੀਆਂ ਕੁੜੀਆਂ ਡਾਂਸ ਕਰ ਰਹੀਆਂ ਸਨ ਤੇ ਹੇਠ ਕੁਝ ਬਰਾਤੀ ਨੱਚਣ ਵਿੱਚ ਮਸਤ ਸਨ।  ਇਸ ਦੌਰਾਨ ਅਚਾਨਕ ਇੱਕ ਬਰਾਤੀ ਨੇ ਦੋਨਾਲੀ ਬੂੰਦਕ ਨਾਲ ਹਵਾਈ ਫਾਇਰ ਕਰਨ ਦੀ ਕੋਸ਼ਿਸ ਕੀਤੀ। ਗੋਲ਼ੀ ਵਿਚੇ ਅਟਕ ਗਈ, ਜਦ ਉਸ ਨੇ ਬੰਦੂਕ ਅਨਲੋਡਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੋਲ਼ੀ ਚੱਲ ਗਈ ਤੇ ਸਿੱਧੀ ਡਾਂਸ ਕਰ ਰਹੀ ਕੁਲਵਿੰਦਰ ਕੌਰ ਨੂੰ ਲੱਗੀ, ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।  ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਕਿ ਗੋਲੀ ਲਾੜੇ ਦੇ ਭਰਾ ਤੇ ਉਸ ਦੇ ਦੋਸਤ ਨੇ ਚਲਾਈ ਹੈ। ਘਟਨਾ ਤੋਂ ਬਾਅਦ ਗੋਲੀ ਚਲਾਉਣ ਵਾਲੇ ਨੌਜਵਾਨ ਫਰਾਰ ਹੋ ਗਏ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਗੋਲ਼ੀ ਚਲਾਉਣ ਵਾਲੇ ਕੁਲਵਿੰਦਰ ਕੌਰ ਨੇ ਸਟੇਜ ਤੋਂ ਹੇਠਾਂ ਆ ਕੇ ਬਰਾਤੀਆਂ ਨਾਲ ਨੱਚਣ ਨੂੰ ਕਹਿ ਰਹੇ ਸਨ, ਮਨਾ ਕਰਨ ‘ਤੇ ਉਹਨਾਂ ਨੇ ਗੋਲ਼ੀ ਮਾਰ ਦਿੱਤੀ, ਪੁਲਿਸ ਜਾਂਚ ਕਰ ਰਹੀ ਹੈ।