ਵਿਆਹ ਸਮਾਗਮ ‘ਚ ਮਾਰੀ ਡਾਂਸਰ ਦਾ ਮਾਮਲਾ

ਅਕਾਲੀ ਕੌਂਸਲਰ ਦਾ ਫਰਜ਼ੰਦ ਤੇ ਮੈਰਿਜ ਪੈਲੇਸ ਮਾਲਕ ਗ੍ਰਿਫਤਾਰ
-ਪੰਜਾਬੀਲੋਕ ਬਿਊਰੋ
ਬਠਿੰਡਾ ਜ਼ਿਲੇ ਦੀ ਮੌੜ ਮੰਡੀ ਵਿੱਚ ਬੀਤੇ ਸ਼ਨੀਵਾਰ ਆਸ਼ੀਰਵਾਦ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਆਰਕੈਸਟਰਾ ਗਰੁੱਪ ਦੀ ਕੁਲਵਿੰਦਰ ਕੌਰ ਦੀ ਸਟੇਜ ਪ੍ਰਫਾਰਮੈਂਸ ਦੌਰਾਨ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੋਲੀ ਸਾਬਕਾ ਕੌਂਸਲਰ ਵਿਜੈ ਗੋਇਲ ਦੇ ਬੇਟੇ ਸੰਜੂ ਗੋਇਲ ਦੀ ਲਾਈਸੈਂਸਸ਼ੁਦਾ ਬੰਦੂਕ ਤੋਂ ਨਿਕਲੀ ਸੀ। ਸੰਜੂ ਗੋਇਲ ਨੂੰ ਪੰਜ ਦਿਨ ਪਹਿਲਾਂ ਹੀ ਬੰਦੂਕ ਦਾ ਲਾਇਸੰਸ ਮਿਲਿਆ ਸੀ। ( ਵਿਜੇ ਗੋਇਲ ਨੇ ਆਜ਼ਾਦ ਉਮਦੀਵਾਰ ਵਜੋਂ ਚੋਣ ਜਿੱਤੀ ਸੀ ਪਰ ਬਾਅਦ ਵਿੱਚ ਉਸ ਦੀ ਨਜ਼ਦੀਕੀ ਅਕਾਲੀ ਦਲ ਨਾਲ ਹੋ ਗਈ ਸੀ। ) ਪੁਲਿਸ ਨੇ ਸੰਜੂ ਗੋਇਲ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਕੋਲੋਂ ਬੰਦੂਕ ਤੇ ਰਿਵਾਲਵਰ ਕਬਜ਼ੇ ਵੀ ਕਬਜ਼ੇ ਲਿਆ ਹੈ।  ਗੋਲੀ ਚਲਾਉਣ ਵਾਲਾ ਬਿੱਲਾ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।  ਬਿੱਲਾ ਹੀ ਆਪਣੇ ਦੋਸਤ ਸੰਜੂ ਗੋਇਲ ਤੋਂ ਬੰਦੂਕ ਵਿਆਹ ਵਿੱਚ ਲੈ ਕੇ ਆਇਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਪੈਲੇਸ ਦੇ ਮਾਲਕ ਤੇ ਲਾੜੇ ਦੇ ਪਿਤਾ ਉਤੇ ਕੇਸ ਦਰਜ ਕੀਤਾ ਹੈ। ਮੈਰਿਜ ਪੈਲੇਸ ਮਾਲਕ ਜਗਸੀਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਇਸ ਦਿਲ ਦਹਿਲਾਊ ਘਟਨਾ ਮਗਰੋਂ ਹਥਿਆਰਾਂ ਤੇ ਮਾਰ-ਧਾੜ ਨੂੰ ਪੰਜਾਬੀ ਗਾਣਿਆਂ ਦਾ ਸ਼ਿੰਗਾਰ ਬਣਾਉਣ ਵਾਲੇ ਗਾਇਕ ਤੇ ਗੀਤਕਾਰ ਪੰਜਾਬੀਅਤ ਦੇ ਫਿਕਰਮੰਦਾਂ ਦੀ ਕਰੜੀ ਅਲੋਚਨਾ ਦਾ ਸ਼ਿਕਾਰ ਹੋ ਰਹੇ ਨੇ। ਕਈ ਗਾਇਕ ਵੀ ਇਸ ਘਟਨਾ ਦੀ ਨਿੰਦਾ ਕਰ ਰਹੇ ਨੇ। ਗਾਇਕ ਹਰਭਜਨ ਮਾਨ ਨੇ ਫੇਸਬੁੱਕ ‘ਤੇ ਇਸ ਘਟਨਾ ਦਾ ਅਫਸੋਸ ਜ਼ਾਹਿਰ ਕਰਦਿਆਂ ਕਿਹਾ, ‘ਕਿੰਨੇ ਕੁ ਹੋਰ ਕਤਲ ਪੰਜਾਬ ਨੇ ਵਿਆਹਾਂ ‘ਤੇ ਹੋਰ ਵੇਖਣੇ ਹਨ, ਮੌੜ ਮੰਡੀ ‘ਚ ਚੱਲੀ ਗੋਲੀ ਨਾਲ ਇਕ ਡਾਂਸਰ ਦੀ ਮੌਤ ਹੋ ਗਈ ਹੈ, ਕੀ ਪੰਜਾਬ ਦੇ ਉਹ ਗਾਇਕ ਅਜੇ ਵੀ ਸ਼ਰਮ ਨੂੰ ਹੱਥ ਮਾਰਨਗੇ, ਜਿਹੜੇ ਗੋਲੀਆਂ ‘ਤੇ ਹਥਿਆਰਾਂ ਦੇ ਗੀਤ ਗਾਉਣ ਨੂੰ ਹੀ ਕਲਚਰ ਸਮਝੀ ਬੈਠੇ ਹਨ।.. ਇਕ ਗੱਲ ਦੱਸੋ ਕਿ ਉਸ ਲੜਕੀ ਦਾ ਕੀ ਕਸੂਰ ਸੀ? ਕਿਸੇ ਦੇ ਫੁੱਕਰੇਪਣ ਨੇ ਹਮੇਸ਼ਾ ਲਈ ਇਸ ਪਰਿਵਾਰ ਦੀ ਝੋਲੀ ‘ਚ ਦੁੱਖ ਪਾ ਦਿੱਤਾ ਹੈ।  ਆਪਣੀ ਮਿਹਨਤ ਨਾਲ ਇਹ ਲੜਕੀ ਆਪਣੇ ਪਰਿਵਾਰ ਦਾ ਪੇਟ ਭਰ ਰਹੀ ਸੀ। ਕੁੜੀ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ?’
ਜਿੱਥੇ ਗਾਇਕ ਕਲਾਕਾਰ ਨਿਸ਼ਾਨੇ ‘ਤੇ ਨੇ, ਓਥੇ ਧੜਾਧੜ ਅਸਲਾ ਲਸੰਸ ਵੰਡਣ ਤੇ ਖੁਸ਼ੀ ਜ਼ਾਹਰ ਕਰਨ ਵਾਲੇ ਸੂਬੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵੀ ਤਿੱਖੇ ਸਵਾਲਾਂ ਦਾ ਸਾਹਮਣਾ ਕਰ ਰਹੇ ਹਨ। ਮੈਰਿਜ ਪੈਲੇਸਾਂ ਵਿੱਚ ਹਥਿਆਰ ਲਿਜਾਣ ‘ਤੇ ਕਾਨੂੰਨਨ ਪਾਬੰਦੀ ਹੈ, ਇਸ ਦੇ ਬਾਵਜੂਦ ਆਏ ਦਿਨ ਇਹੋ ਜਿਹੀਆਂ ਜਾਨਲੇਵਾ ਵਾਰਦਾਤਾਂ ਵਾਪਰਦੀਆਂ ਨੇ।
ਇਸ ਦੁਖਦ ਮਾਮਲੇ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਡੀ.ਜੀ.ਪੀ ਨੂੰ ਵਿਆਹ ਸਮਾਗਮ ਦੌਰਾਨ ਹਥਿਆਰ ਉਠਾਉਣ ‘ਤੇ ਰੋਕ ਲਗਾਉਣ ਦੇ ਹੁਕਮ ਦੇ ਦਿੱਤੇ ਹਨ।  ਦੋਸ਼ੀਆਂ ਨੂੰ ਫੜਨ ਲਈ ਪੁਲਿਸ ਆਪਣਾ ਕੰਮ ਕਰ ਰਹੀ ਹੈ।