22 ਗਊਸ਼ਾਲਾਵਾਂ ਲਈ 14.50 ਕਰੋੜ ਜਾਰੀ

-ਪੰਜਾਬੀਲੋਕ ਬਿਊਰੋ
ਪੰਜਾਬ ਸਰਕਾਰ ਵਲੋਂ ਸੂਬੇ ਦੇ 22 ਜਿਲਿਆਂ ਵਿਚ ਬਣੀਆਂ ਗਊਸ਼ਾਲਾਵਾਂ ਲਈ ਚਾਰਾ, ਦਵਾਈਆਂ ਤੇ ਰੱਖ-ਰਖਾਓ ਅਤੇ ਸ਼ੈਡਾਂ ਲਈ 14.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਪੰਜਾਬ ਵਿਚ ਗਊ ਧਨ ਦੀ ਸੰਭਾਲ ਲਈ ਗਊ ਸੇਵਾ ਕਮਿਸ਼ਨ ਵਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕੀਤੀ ਗਈ ਤਾਂ ਸ੍ਰ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸੂਬੇ ਦੇ 22 ਜਿਲਿਆਂ ਵਿਚ ਸਰਕਾਰੀ ਗਊਸ਼ਾਲਾਵਾਂ ਲਈ 50-50 ਲੱਖ ਰੁਪਏ ਚਾਰੇ,ਦਵਾਈਆਂ ਤੇ ਰੱਖ ਰਖਾਓ ਅਤੇ 16.50-16.50 ਲੱਖ ਰੁਪਏ ਗਊਸ਼ਾਲਾਵਾਂ ਵਿਚ ਸ਼ੈਡ ਬਣਾਉਣ ਲਈ ਜਾਰੀ ਕੀਤੇ ਹਨ। ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਸੜਕਾਂ ‘ਤੇ ਬੇਸਹਾਰਾ ਗਊ ਧਨ ਦੀ ਸੰਭਾਲ ਲਈ ਹਰ ਜ਼ਿਲੇ ਵਿਚ 25-25 ਏਕੜ ਜ਼ਮੀਨ ਲਈ 22 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕ ਪੰਜਾਬ ਦੀਆਂ ਸਾਰੀਆਂ 472 ਗਊ ਸ਼ਾਲਾਵਾਂ ਵਿਚ ਲੱਖਾਂ ਗਊ ਧਨ ਦੀ ਐਨ.ਜੀ.ਓਜ਼ ਟਰੱਸਟ ਅਤੇ ਗਊ ਭਗਤਾਂ ਵਲੋਂ ਸੇਵਾ ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਸਾਰੀਆਂ ਗਊ ਸ਼ਲਾਵਾਂ ਵਿਚ ਮੁਫ਼ਤ ਬਿਜਲੀ ਦੀ ਸਹੂਲਤ, ਗਊਸ਼ਾਲਾਵਾਂ ਵਿਚ ਆਉਣ ਵਾਲੇ ਸਾਰੇ ਸਮਾਨ ਨੂੰ ਵੈਟ ਮੁਕਤ ਕਰਨ ਅਤੇ ਗਊ ਸੇਵਾ ਸੈਸ ਲਗਾ ਕੇ ਲੱਖਾਂ ਗਊ ਧਨ ਦੀ ਸੰਭਾਲ ਕਰਨ ਲਈ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ, ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਸ੍ਰੀ ਵਿਜੈ ਸਾਂਪਲਾ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਗਊ ਸੇਵਾ ਕਮਿਸ਼ਨ ਵਲੋਂ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਨਾਲ ਵੀ ਮੀਟਿੰਗ ਕਰਕੇ ਉਹਨਾਂ ਨੂੰ ਰਾਜ ਵਿਚ ਗਊ ਧਨ ਦੀ ਸੇਵਾ-ਸੰਭਾਲ ਅਤੇ ਸੁਰੱਖਿਆ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਉਹਨਾਂ ਕਿਹਾ ਕ ਰਾਜਪਾਲ ਪੰਜਾਬ ਨੇ ਗਊ ਸੇਵਾ ਕਮਿਸ਼ਨ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਉਹ ਜਲਦੀ ਹੀ ਰਾਜ ਦੀ ਨਸਲ ਸੁਧਾਰ ਗਊਸਾਲਾਵਾਂ ਦਾ ਦੋਰਾ ਕਰਨਗੇ। ਇਸ ਮੌਕੇ ਉਹਨਾਂ ਦੇ ਨਾਲ ਸ੍ਰੀ ਦੁਰਗੇਸ਼ ਸ਼ਰਮਾ ਉਪ ਚੇਅਰਮੈਨ, ਸ੍ਰੀ ਹਰਿੰਦਰ ਸਿੰਘ ਸੇਖੋਂ ਸੀ.ਈ.ਓ., ਸ੍ਰੀ ਜਸਵਿੰਦਰ ਸਿੰਘ, ਸ੍ਰੀ ਪ੍ਰਦੀਪ ਕੁਮਾਰ, ਸ੍ਰੀ ਸ਼ੀਤਲ ਅੰਗੂਰਾਜ ਜਨਰਲ ਸਕੱਤਰ, ਸ੍ਰੀ ਸੌਰਭ ਕੁਮਾਰ ਅਤੇ ਸ੍ਰੀ ਵਿਕਾਸ ਕਪਿਲਾ ਵੀ ਹਾਜ਼ਰ ਸਨ।