ਹਾਈ ਅਲਰਟ ਦੇ ਬਾਵਜੂਦ ਗੁਰੂ ਕੀ ਨਗਰੀ ‘ਚ ਦੋਹਰਾ ਕਤਲ

-ਪੰਜਾਬੀਲੋਕ ਬਿਊਰੋ
ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਇਕ ਐਸ ਡੀ ਓ ਜਗਸੀਰ ਸਿੰਘ ਦੇ ਕਤਲ ਕਰਕੇ ਪੈਦਾ ਹੋਈ ਦਹਿਸ਼ਤ ਹਾਲੇ ਮੱਠੀ ਨਹੀਂ ਸੀ ਪਈ ਕਿ ਅੱਜ ਸ਼ਹਿਰ ਦੇ ਪੋਸ਼ ਇਲਾਕੇ ਮਕਬੂਲ ਰੋਡ ‘ਤੇ ਸਥਿਤ ਇਕ ਆਲੀਸ਼ਾਨ ਕੋਠੀ ਦੀ ਬਜ਼ੁਰਗ ਮਾਲਕਣ ਅਤੇ ਉਸ ਦੀ ਨੌਕਰਾਣੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।  80 ਸਾਲਾ ਮ੍ਰਿਤਕ ਬਜ਼ੁਰਗ ਔਰਤ ਸ਼ੁਕਲਾ ਸੇਠ ਘਰ ‘ਚ ਨੌਕਰਾਣੀ ਮਨਜੀਤ ਕੌਰ ਨਾਲ ਰਹਿ ਰਹੀ ਸੀ। ਕੋਠੀ ਦੀ ਮਾਲਕਣ ਦੇ ਪਤੀ ਦੀ ਮੌਤ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕਾ ਕੋਲ ਕਰੋੜਾਂ ਰੁਪਿਆਂ ਦੀ ਜ਼ਮੀਨ-ਜਾਇਦਾਦ ਸੀ ਅਤੇ ਇਸ ਦਾ ਵਿਆਜ ਵੀ ਉਸ ਨੂੰ ਆਉਂਦਾ ਸੀ।  ਇਸ ਕਤਲਕਾਂਡ ਪਿੱਛੇ ਲੁੱਟ ਦੀ ਸਾਜਿਸ਼ ਹੋਣ ਦਾ ਸ਼ੰਕਾ ਪ੍ਰਗਟਾਇਆ ਜਾ ਰਿਹਾ ਹੈ।  ਕਿਹਾ ਜਾ ਰਿਹਾ ਹੈ ਕਿ ਵੀਰਵਾਰ ਦੀ ਰਾਤ ਨੂੰ ਲੁੱਟ ਦੇ ਇਰਾਦੇ ਨਾਲ ਲੁਟੇਰੇ ਘਰ ਦਾਖਲ ਹੋਏ ਅਤੇ ਸ਼ੁਕਲਾ ਸੇਠ ਸਮੇਤ ਉਸ ਦੀ ਨੌਕਰਾਣੀ ਦਾ ਗਲਾ ਵੱਢ ਕੇ ਦੋਹਾਂ ਦਾ ਕਤਲ ਕਰ ਦਿੱਤਾ।  ਘਰ ‘ਚੋਂ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕਰ ਲਏ ਗਏ ਹਨ।  ਇਸ ਮਾਮਲੇ ਸੰਬੰਧੀ ਡੀ. ਸੀ. ਪੀ. ਗਗਨ ਅਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਘਟਨਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਘਰ ਦੇ ਨਜ਼ਦੀਕ ਹੋਈ ਹੈ। ਮ੍ਰਿਤਕਾ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦੀ ਸ਼ਰਧਾਲੂ ਸੀ। ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਵਾਰਦਾਤ ਵਾਲੇ ਘਰ ਪਹੁੰਚੇ।
ਇਸ ਕਤਲਕਾਂਡ ਨੇ ਪੁਲਸ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਕਿਉਂਕਿ ਜ਼ਿਲੇ ਚ ਹੋਣ ਵਾਲੇ ‘ਹਾਰਟ ਆਫ ਏਸ਼ੀਆ’ ਸੰਮੇਲਨ ਕਾਰਨ ਚੱਪੇ-ਚੱਪੇ ‘ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਪਰ ਇਹਨਾਂ ਪ੍ਰਬੰਧਾਂ ਦੇ ਬਾਵਜੂਦ ਇੰਨੀ ਵੱਡੀ ਵਾਰਦਾਤ ਸ਼ਹਿਰ ‘ਚ ਵਾਪਰ ਗਈ।  ਵੀ. ਆਈ. ਪੀ. ਡਿਊਟੀ ‘ਚ ਇਸ ਤਰਾਂ ਦੇ ਕਤਲਕਾਂਡ ਦਾ ਹੋਣਾ ਪੁਲਸ ਦੀ ਸੁਰੱਖਿਆ ਪ੍ਰਣਾਲੀ ਦੀ ਪੋਲ ਖੋਲ ਰਿਹਾ ਹੈ।  ਇਲਾਕੇ ਵਿੱਚ ਵੀ ਦਹਿਸ਼ਤ ਪਾਈ ਜਾ ਰਹੀ ਹੈ।