ਪੱਛਮੀ ਬੰਗਾਲ ‘ਚ ਅਚਾਨਕ ਫੌਜ ਤਾਇਨਾਤ!!

ਮਮਤਾ ਬੈਨਰਜੀ ਸਖਤ ਨਰਾਜ਼
-ਪੰਜਾਬੀਲੋਕ ਬਿਊਰੋ
ਪੱਛਮੀ ਬੰਗਾਲ ‘ਚ ਕਈ ਥਾਵਾਂ ‘ਤੇ ਅਚਾਨਕ ਫੌਜ ਤਾਇਨਾਤ ਕਰ ਦਿੱਤੀ ਗਈ ਸੀ, ਜਿਸ ‘ਤੇ ਸੂਬੇ ਦੀ ਸੀ ਐਮ ਮਮਤਾ ਬੈਨਰਜੀ ਨੇ ਸਖਤ ਇਤਰਾਜ਼ ਜਤਾਇਆ ਤੇ ਵਿਵਾਦ ਮਗਰੋਂ ਫੌਜ ਨੂੰ ਹਟਾ ਦਿੱਤਾ ਗਿਆ ਹੈ। ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਦੇ ਖਿਲਾਫ ਲਗਾਤਾਰ ਮੋਰਚਾ ਲਾਈ ਰੱਖਣ ਵਾਲੀ ਮਮਤਾ ਨੇ ਇਸ ਕਾਰਵਾਈ ਨੂੰ ਖੁਦ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਕਰਾਰ ਦਿੱਤਾ ਹੈ। ਹਾਲਾਂਕਿ ਫੌਜ ਨੇ ਇਸ ਕਾਰਵਾਈ ਨੂੰ ਇੱਕ ਰੁਟੀਨ ਅਭਿਆਸ ਦੱਸਿਆ ਹੈ। ਪਹਿਲਾਂ ਫੌਜ ਨੇ ਕਿਹਾ ਕਿ ਪੱਛਮੀ ਬੰਗਾਲ ਪੁਲਿਸ ਦੀ ਪੂਰੀ ਜਾਣਕਾਰੀ ਤੋਂ ਬਾਅਦ ਹੀ ਇਹ ਅਭਿਆਸ ਕੀਤਾ ਜਾ ਰਿਹਾ ਹੈ। ਪਰ ਕੋਲਕਾਤਾ ਦੀ ਪੁਲਿਸ ਨੇ ਕਿਹਾ ਕਿ ਫੌਜ ਨੇ ਸਾਨੂੰ ਅਭਿਆਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ। ਸਗੋਂ ਪੌਜ ਨੇ ਟੋਲ ਪਲਾਜ਼ਾ ਦਾ ਕੰਟਰੋਲ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ।
ਮਮਤਾ ਬੈਨਰਜੀ ਨੇ ਸੂਬਾ ਸਰਕਾਰ ਨੂੰ ਦੱਸੇ ਬਿਨਾਂ ਕੁੱਝ ਟੋਲ ਪਲਾਜ਼ਾ ‘ਤੇ ਫੌਜ ਦੀ ਤਾਇਨਾਤੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਕੇਂਦਰ ਸਰਕਾਰ ਖਿਲਾਫ ਸਖਤ ਰੁਖ ਅਪਣਾਇਆ।  ਮਮਤਾ ਨੇ ਸਾਫ ਐਲਾਨ ਕਰ ਦਿੱਤਾ ਸੀ ਕਿ ਜਿੰਨੀ ਦੇਰ ਤੱਕ ਸੂਬਾ ਸਕੱਤਰੇਤ ਨੇੜੇ ਟੋਲ ਪਲਾਜ਼ਾ ਤੋਂ ਫੌਜ ਨੂੰ ਨਹੀਂ ਹਟਾਇਆ ਜਾਂਦਾ ਉਹ ਆਪਣੇ ਦਫਤਰ ‘ਚੋਂ ਘਰ ਨਹੀਂ ਜਾਣਗੇ।  ਇਸ ‘ਤੇ ਉਹਨਾਂ ਪੂਰੀ ਰਾਤ ਸੂਬਾ ਸਕੱਤਰੇਤ ‘ਚ ਹੀ ਬਿਤਾਈ। ਭਾਰੀ ਦਬਾਅ ਦੇ ਚੱਲਦਿਆਂ ਕੇਂਦਰ ਸਰਕਾਰ ਨੂੰ ਫੌਜ ਵਾਪਸ ਸੱਦਣੀ ਪਈ। ਕੇਜਰੀਵਾਲ ਨੇ ਇਸ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਹੱਲਾ ਬੋਲਦਿਆਂ ਕਿਹਾ ਕਿ ਨੋਟਬੰਦੀ ਖਿਲਾਫ ਮਮਤਾ ਨੇ ਜੋ ਜੰਗ ਛੇੜੀ ਹੈ, ਉਸੇ ਕਰਕੇ ਮੋਦੀ ਸਰਕਾਰ ਪੱਛਮੀ ਬੰਗਾਲ ਵਿੱਚ ਫੌਜ ਭੇਜ ਕੇ ਮਮਤਾ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਮਮਤਾ ਡਰਨ ਵਾਲੀ ਨਹੀਂ ਹੈ, ਉਹ ਲਗਾਤਾਰ ਪੂਰੇ ਦੇਸ਼ ਵਿੱਚ ਘੁੰਮ ਕੇ ਇਸ ਦਾ ਵਿਰੋਧ ਕਰੇਗੀ, ਅਸੀਂ ਹੀ ਨਹ3 ਪੂਰਾ ਦੇਸ਼ ਮਮਤਾ ਬੈਨਰਜੀ ਦੇ ਨਾਲ ਹੈ।