• Home »
  • ਅੱਜ ਦੀ ਖਬਰ
  • » ਅੱਜ ਕੱਲ ਜ਼ਮਾਨਾ ਜਾਅਲੀ. ਫੇਰ ਨੋਟ ਜਾਅਲੀ ਕਿਵੇਂ ਨਹੀਂ..??

ਅੱਜ ਕੱਲ ਜ਼ਮਾਨਾ ਜਾਅਲੀ. ਫੇਰ ਨੋਟ ਜਾਅਲੀ ਕਿਵੇਂ ਨਹੀਂ..??

ਬੀ ਟੈਕ ਪਾਸ ਭੈਣ ਭਰਾ ਨੇ ਬਣਾਈ 3 ਕਰੋੜ ਦੀ ਜਾਅਲੀ ਕਰੰਸੀ
ਲਾਲ ਬੱਤੀ ਲਾ ਕੇ ਆਡੀ ‘ਚ 2 ਕਰੋੜ ਕੀਤੇ ਸਪਲਾਈ
-ਪੰਜਾਬੀਲੋਕ ਬਿਊਰੋ
ਮੋਦੀ ਸਰਕਾਰ ਦਾ ਕਹਿਣਾ ਹੈ ਕਿ ਮਾਰਕਿਟ ਵਿੱਚ ਆਏ 500 ਤੇ ਹਜ਼ਾਰ ਦੇ ਨਕਲੀ ਨੋਟ ਵੀ ਨੋਟਬੰਦੀ ਦੇ ਕਾਰਨਾਂ ਵਿੱਚ ਇਕ ਅਹਿਮ ਕਾਰਨ ਹੈ, ਪਰ ਇਹ ਭਾਰਤ ਹੈ, ਇਥੇ ਅੱਜ ਕੱਲ ਦੇ ਲੋਕ ਜਾਅਲੀ.. ਜ਼ਮਾਨਾ ਜਾਅਲੀ.. ਫੇਰ ਨੋਟ ਕਿਵੇਂ ਨਾ ਜਾਅਲੀ ਆਉਣਗੇ..
ਕੱਲ ਸੋਹਾਣਾ ਪੁਲਿਸ ਨੇ ਚੰਡੀਗੜ ਦੀ ਆਰਮੀ ਫੈਮਲੀ ਦੇ 21 ਸਾਲਾ ਅਭਿਨਵ ਤੇ ਉਸ ਦੀ ਰਿਸ਼ਤੇਦਾਰ ਭੈਣ ਕਪੂਰਥਲਾ ਦੀ 20 ਸਾਲਾ ਵਿਸ਼ਾਖਾ ਨੂੰ 42 ਲੱਖ ਰੁਪਏ ਦੇ 2 ਹਜ਼ਾਰ ਦੇ ਜਾਅਲੀ ਨੋਟਾਂ ਨਾਲ ਗ੍ਰਿਫਤਾਰ ਕੀਤਾ ਹੈ। ਦੋਵੇਂ ਭੈਣ ਭਾਈ ਬੀ ਟੈਕ ਪਾਸ ਹਨ, 3 ਕਰੋੜ ਦੇ ਨਕਲੀ ਨੋਟ ਛਾਪੇ, 2 ਕਰੋੜ ਮਾਰਕਿਟ ਵਿੱਚ ਚਲਾ ਦਿੱਤੇ, 20 ਲੱਖ ਦੀ ਸੈਕੇਂਡ ਹੈਂਡ ਆਡੀ ਖਰੀਦ ਲਈ, ਲਾਲ ਬੱਤੀ ਲਾਈ, ਤੇ ਇਸੇ ਜ਼ਰੀਏ ਜਾਅਲੀ ਨੋਟ ਇਧਰ ਓਧਰ ਪੁਚਾਉਣ ਦਾ ਕੰਮ ਕੀਤਾ, 6 ਗਾਹਕਾਂ ਦੀ ਬਲੈਕ ਮਨੀ 30 ਫੀਸਦੀ ਵੱਧ ਲੈ ਕੇ ਜਾਅਲੀ ਨੋਟਾਂ ਨਾਲ ਵਾਈਟ ਕਰ ਦਿੱਤੀ।
ਇਹਨਾਂ ਭੈਣ ਭਰਾਵਾਂ ਨੇ ਨਵੇਂ ਨੋਟਾਂ ਦੀ ਸਿਰਫ ਸਕੈਨਿੰਗ ਕੀਤੀ ਤੇ 3 ਕਰੋੜ ਦੀ ਜਾਅਲੀ ਕਰੰਸੀ ਤਿਆਰ ਕਰ ਲਈ।
ਸੁਪਨਿਆਂ ਸੱਧਰਾਂ ਨੂੰ ਕਾਹਲੀ ਨਾਲ ਪੂਰਾ ਕਰਨ ਦੇ ਚੱਕਰ ‘ਚ ਇਹ ਕਾਲਾ ਕਾਰੋਬਾਰ ਕਰਨ ਵਾਲਾ ਅਭਿਨਵ ਨੇ ਬਹੁਤ ਹੀ ਹੋਣਹਾਰ ਗੱਭਰੂ ਹੈ, ਉਸ ਨੇ ਨੇਤਰਹੀਣਾਂ ਲਈ ਇਕ ਅਜਿਹੀ ਡਿਵਾਈਸ ਬਣਾਈ ਹੈ, ਜਿਸ ਨੂੰ ਅੰਗੂਠੀ ਵਾਂਗ ਪਾਉਣ ‘ਤੇ ਸਾਹਮਣੇ ਕੋਈ ਵੀ ਚੀਜ਼ ਆਉਣ ‘ਤੇ ਸੈਂਸਰ ਅਵਾਜ਼ ਕਰਦੇ ਨੇ। ਇਸ ਖੋਜ ਕਾਰਨ ਅਭਿਵਨ ਦਾ ਨਾਮ ਮੇਕ ਇਨ ਇੰਡੀਆ ਵਿੱਚ ਚੱਲ ਰਿਹਾ ਹੈ ਤੇ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਵੀ ਸ਼ਾਮਲ ਹੋਣ ਵਾਲਾ ਸੀ।
ਨਾਲ ਫੜੀ ਗਈ ਉਸ ਦੀ ਕਜ਼ਨ ਵਿਸ਼ਾਖਾ ਵੀ ਬੀ ਟੈਕ ਪਾਸ ਹੈ। ਇਕ ਵਿਚੋਲਾ ਵੀ ਪੁਲਿਸ ਨੇ ਕਾਬੂ ਕੀਤਾ ਹੈ, ਜੋ ਦੋਵਾਂ ਲਈ ਗਾਹਕ ਲੱਭਦਾ ਸੀ, ਹੁਣ ਜਾਅਲੀ ਨੋਟ ਹਾਸਲ ਕਰਨ ਵਾਲੇ ਗਾਹਕ ਟੋਲ਼ੇ ਜਾ ਰਹੇ ਨੇ। ਕੱਲ ਜਦ ਇਹਨਾਂ ਦੀ ਲਾਲ ਬੱਤੀ ਵਾਲੀ ਗੱਡੀ ਰੋਕੀ ਤਾਂ ਪਹਿਲਾਂ ਤਾਂ ਪੁਲਿਸ ਵਾਲਿਆਂ ਨੂੰ ਲੱਗਿਆ ਕਿ ਕੋਈ ਮੰਤਰੀ ਜਾ ਰਿਹੈ, ਸਲੂਟ ਵੀ ਵੱਜੇ, ਪਰ ਕਿਸੇ ਮੁਲਾਜ਼ਮ ਦੇ ਜ਼ਿਹਨ ‘ਚ ਖਿਆਲ ਉਭਰਿਆ ਕਿ ਜੇ ਮੰਤਰੀ ਹੈ ਤਾਂ ਨਾਲ ਪਾਇਲਟ ਗੱਡੀ ਜਾਂ ਕੋਈ ਸਕਿਓਰਿਟੀ ਵਾਲੀ ਜਿਪਸੀ ਕਿਉਂ ਨਹੀਂ? ਇਸੇ ‘ਤੇ ਸ਼ੱਕ ਪੈਣ ਤੇ ਰੋਕ ਕੇ ਇਹਨਾਂ ਨੂੰ ਕਾਬੂ ਕਰ ਲਿਆ।