• Home »
  • ਅੱਜ ਦੀ ਖਬਰ
  • » ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਦੇ ਉਪਰਾਲੇ

ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਦੇ ਉਪਰਾਲੇ

ਦੋ ਦਿਨਾਂ ਇੰਟਰਨੈਸ਼ਨਲ ਸੈਮੀਨਾਰ ਤੇ ਕਰਾਸ ਕਲਸਟਰ ਵੈਜੀਟੇਬਲ ਵਰਕਸ਼ਾਪ ਸੰਪਨ
-ਪੰਜਾਬੀਲੋਕ ਬਿਊਰੋ
ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਅਤੇ ਜ਼ਿਲੇ ਵਿਚ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸਬੰਧੀ ਇਕ ਬਾਗਬਾਨੀ ਵਿਕਾਸ ਅਫਸਰ ਨੂੰ ਬਾਗਬਾਨੀ ਵਿਭਾਗ ਵਲੋਂ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਜੋ ਨਰਸਰੀ ਤੋਂ ਲੈ ਕੇ ਮੰਡੀਕਰਣ ਤੱਕ ਸਮੁੱਚੀ ਜਾਣਕਾਰੀ ਪ੍ਰਦਾਨ ਕਰੇਗਾ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਬਾਗਬਾਨੀ ਜਲੰਧਰ ਡਾ.ਸਤਿਬੀਰ ਸਿੰਘ ਨੇ ਸੈਂਟਰ ਆਫ ਐਕਸੇਲੈਂਸ ਫਾਰ ਵੈਜੀਟੇਬਲ ਕਰਤਾਰਪੁਰ ਵਿਖੇ ਦੋ ਦਿਨਾਂ ਇੰਟਰਨੈਸ਼ਨਲ ਸੈਮੀਨਾਰ ਅਤੇ ਕਰਾਸ ਕਲਸਟਰ ਵੈਜੀਟੇਬਲ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਸੈਂਟਰ ਆਫ ਐਕਸੇਲੈਂਸ ਫਾਰ ਵੈਜੀਟੇਬਲ ਨੂੰ ਖੇਤੀ ਸਬੰਧੀ ਇਕ ਚਾਨਣ ਮੁਨਾਰੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਕਿਸਾਨ ਇਸ ਦਾ ਲਾਭ ਉਠਾ ਸਕਣ। ਇਸ ਮੌਕੇ ਉਹਨਾਂ ਕਿਸਾਨਾਂ ਨੂੰ ਇਸ ਸੈਂਟਰ ਨਾਲ ਵੱਧ ਤੋਂ ਵੱਧ ਰਾਬਤਾ ਰੱਖਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਡਾ.ਦਲਜੀਤ ਸਿੰਘ ਪ੍ਰੌਜੈਕਟ ਅਫਸਰ ਨੇ ਦੱਸਿਆ ਕਿ  ਇਹ ਸੈਂਟਰ ਦਸੰਬਰ 2013 ਵਿਚ ਸੁਰੂ ਕੀਤਾ ਗਿਆ ਸੀ ਇਥੇ ਵੱਖ-ਵੱਖ ਤਰਾਂ ਦੇ ਪੌਲੀ ਹਾਊਸ ਯੂਨਿਟਾਂ ਵਿੱਚ ਸ਼ਿਮਲਾ ਮਿਰਚ ( ਹਰੀ ਅਤੇ ਰੰਗਦਾਰ), ਟਮਾਟਰ (ਰੈਗੂਲਰ ਅਤੇ ਚੈਰੀ), ਬੀਜ ਰਹਿਤ ਖੀਰਾ, ਹਰੀ ਮਿਰਚ, ਬੈਂਗਣ ਆਦਿ ਦੇ ਡਿਮੋਂਸਟਰੇਸ਼ਨ ਟਰਾਇਲ 2014-15 ਤੋਂ ਸੁਰੂ ਕੀਤੇ ਗਏ ਹਨ। ਇਸ ਸੈਂਟਰ ਵਿਚ ਹੁਣ ਤੱਕ 15000 ਤੋਂ ਵੱਧ ਕਿਸਾਨ ਵਿਜ਼ਿਟ ਕਰ ਚੁੱਕੇ ਹਨ ਜਿਹਨਾਂ ਵਿਚ ਹੋਰ ਸੂਬਿਆਂ ਦੇ ਡੈਲੀਗੇਟਸ ਅਤੇ ਸਕੂਲ,ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਤੇ ਇਜ਼ਰਾਇਲੀ ਐਕਸਪਰਟ ਵੀ ਸ਼ਾਮਿਲ ਹਨ। ਹੁਣ ਤੱਕ 56 ਲੱਖ ਤੋਂ ਵੱਧ ਵੱਖ-ਵੱਖ ਤਰਾਂ ਦੀਆਂ ਸਬਜੀਆਂ ਦੀਆਂ ਬਿਮਾਰੀ ਰਹਿਤ ਪਨੀਰੀਆਂ ਵੀ ਕਿਸਾਨਾਂ ਨੂੰ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ ਅਤੇ 2 ਲੱਖ ਤੋਂ ਵੱਧ ਪਨੀਰੀਆਂ ਅਗਲੇ ਮਹੀਨੇ ਤੋਂ ਸਪਲਾਈ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਅਪਣੀ ਪੈਦਾਵਾਰ ਆਪ ਵੇਚ ਕੇ ਜ਼ਿਆਦਾ ਮੁਨਾਫਾ ਲੈਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਕ ਮਾਡਲ ਵਜੋਂ ਸੇਲ ਆਊਟਲੈਟ ਵੀ ਸਥਾਪਿਤ ਕੀਤਾ ਗਿਆ ਹੇ। ਮੰਡੀਕਰਨ ਸਮੁੱਚੇ ਤਰੀਕੇ ਨਾਲ ਕਰਨ ਲਈ ਇਥੇ ਇਕ ਪੈਕ ਹਾਊਸ ਵੀ ਬਣਾਇਆ ਗਿਆ ਹੈ।  ਸੈਮੀਨਾਰ ਵਿਚ ਇਜ਼ਰਾਈਲ ਤੋਂ ਵੈਜੀਟੇਬਲ ਐਕਸਪਰਟ ਮਿਸਟਰ ਇਜ਼ਹਾਕ ਇਸਕੁਇਰਾ, ਮੈਡਮ ਸ਼ੈਲੀ ਗੈਂਟਜ ਅਤੇ ਮਿਸਟਰ ਡਾਨ ਉਲਫ ਐਗਰੀਕਲਚਰ ਕਾਊਂਸਲਰ , ਅੰਬੈਸੀ ਆਫ ਇਜ਼ਰਾਇਲ ਅਤੇ ਹੋਰ ਰਾਜਾਂ ਹਰਿਆਣਾ, ਗੁਜਰਾਤ,ਕਰਨਾਟਕਾ, ਤਾਮਿਲਨਾਡੂ ਤੇ ਤੇਲੰਗਾਨਾ ਆਦਿ ਤੋਂ ਡੈਲੀਗੇਟਸ ਅਤੇ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਬਾਗਬਾਨੀ ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਸ.ਸੁਖਦੇਵ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅਖੀਰ ਵਿਚ ਸੈਮੀਨਾਰ ਵਿਚ ਸ਼ਾਮਿਲ ਹੋਏ ਅਧਿਕਾਰੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।