ਚੋਣ ਵਰੇ ‘ਚ ਰਿਓੜੀਆਂ ਵੰਡਣ ਦੀ ਕਵਾਇਦ ਤੇਜ਼

ਕੰਡਿਆਲੀ ਤਾਰ ਲਈ ਐਕਵਾਇਰ ਜ਼ਮੀਨ ਦਾ ਮੁਆਵਜ਼ਾ ਵੰਡਿਆ
-ਪੰਜਾਬੀਲੋਕ ਬਿਊਰੋ
ਚੱਲ ਰਹੇ ਚੋਣ ਵਰੇ ਵਿੱਚ ਪੰਜਾਬ ਦੀ ਹਾਕਮੀ ਧਿਰ ਜਨਤਾ ਨੂੰ ਲੁਭਾਉਣ ਲਈ ਹਰ ਹਰਬਾ ਵਰਤ ਰਹੀ ਹੈ, ਧੜਾਧੜ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਨਾਲ ਨਾਲ ਗ੍ਰਾਂਟਾਂ ਦੇ ਗੱਫੇ ਵੀ ਖੂਬ ਵਰਤਾਏ ਜਾ ਰਹੇ ਨੇ। ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਉਸ ਜ਼ਮੀਨ ਦੇ ਮੁਆਵਜ਼ੇ ਵੰਡਣੇ ਸ਼ੁਰੂ ਕੀਤੇ ਨੇ, ਜੋ ਕੰਡਿਆਲੀ ਤਾਰ ਲਾਉਣ ਲਈ ਐਕਵਾਇਰ ਕੀਤੀ ਗਈ ਸੀ।
ਸਰਹੱਦੀ ਜ਼ਿਲਿਆਂ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਪਠਾਨਕੋਟ ‘ਚ ਭਾਰਤ-ਪਾਕਿ ਸਰਹੱਦ ‘ਤੇ ਕੰਡਿਆਲੀ ਤਾਰ ਲਗਾਉਣ ਲਈ ਐਕਵਾਇਰ ਕੀਤੀ 21600 ਏਕੜ ਜ਼ਮੀਨ ਦੀ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਮੁਆਵਜ਼ੇ ਲਈ ਜਾਰੀ ਕੀਤੀ 21 ਕਰੋੜ 60 ਲੱਖ ਰੁਪਏ ਦੀ ਰਕਮ ਕਿਸਾਨਾਂ ਨੂੰ ਵੰਡਣ ਦੀ ਸ਼ੁਰੂਆਤ ਸ. ਬਾਦਲ ਨੇ ਸਰਹੱਦੀ ਕਸਬਾ ਖਾਲੜਾ ਤੋਂ ਕੀਤੀ ਹੈ, ਆਉਂਦੇ ਦਿਨਾਂ ਵਿੱਚ ਬਾਕੀ ਥਾਵਾਂ ‘ਤੇ ਗ੍ਰਾਂਟ ਵੰਡੀ ਜਾਣੀ ਹੈ।