ਚੋਣ ਕਮਿਸ਼ਨ ਪੰਜਾਬ ਵਲੋਂ ਸਵੀਪ ਪ੍ਰੋਗਰਾਮ ਫਾਰ ਯੂਥ

-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ ਪੂਰਨ ਸਾਂਤੀਮਈ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੰਜਾਬ ਚੋਣ ਕਮਿਸ਼ਨ ਪੂਰੀ ਤਰਾਂ ਪ੍ਰਤੀਬੱਧ  ਹੈ ਇਸ ਦੇ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ੍ਰੀ ਵੀ.ਕੇ.ਸਿੰਘ ਮੁੱਖ ਚੋਣ ਅਫਸਰ ਪੰਜਾਬ ਨੇ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸਵੀਪ ਪ੍ਰੋਗਰਾਮ ਫਾਰ ਯੂਥ ਦੀ ਜ਼ਿਆਦਾ ਤੋਂ ਜ਼ਿਆਦਾ ਭਾਗੀਦਾਰੀ ਸਬੰਧੀ ਆਯੋਜਿਤ ਕੀਤੇ ਗਏ ਪ੍ਰੋਗਰਾਮ ਦੌਰਾਨ ਸਵੀਪ ਪੋਰਟਲ ਲਾਂਚ ਕਰਦਿਆਂ ਦਿੱਤੀ। ਇਸ ਮੌਕੇ ਪੋਸਟਲ ਸਟੈਂਪ ਸਵੀਪ ਪੰਜਾਬ ਵੀ ਜਾਰੀ ਕੀਤੀ ਗਈ। ਇਸ ਮੌਕੇ ਉਹਨਾਂ ਅਪਣੇ ਸੰਬੋਧਨ ਵਿਚ ਕਿਹਾ ਕਿ ਜੋ ਨੌਜਵਾਨ 18 ਸਾਲ ਜਾਂ ਇਸ ਤੋਂ ਉਪਰ ਹਨ ਉਹ ਆਪਣੀ ਵੋਟ ਜਰੂਰ ਬਣਾਉਣ  ਅਤੇ ਲੋਕਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਨ।  ਉਹਨਾਂ ਕਿਹਾ ਕਿ ਵੋਟ ਬਣਾਉਣ ਦੀ ਬਹੁਤ ਵੱਡੀ ਅਹਿਮੀਅਤ ਹੈ ਅਤੇ ਇਸ ਨਾਲ ਉਹ ਦੇਸ਼ ਦੇ ਨਿਰਮਾਣ ਵਿਚ ਬਹੁਤ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮਾਂ ਦਾ ਮੰਤਵ ਨੌਵਜਾਨਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਹੈ ਅਤੇ ਲੋਕਾਂ ਵਿਚ ਇਸ ਸਬੰਧੀ ਜਾਗਰੂਕਤਾ ਕਿਸ ਤਰਾਂ ਲਿਆਂਦੀ ਜਾ ਸਕਦੀ ਹੈ ਇਸ ਬਾਰੇ ਆਪਸੀ ਵਿਚਾਰ ਵਟਾਂਦਰਾ ਕਰਨਾ ਹੈ। ਉਹਨਾਂ ਦੱਸਿਆ ਕਿ ਨਵਾਂ ਸ਼ਹਿਰ ਪੰਜਾਬ ਦਾ ਅਜਿਹਾ ਇਕ ਜ਼ਿਲਾ ਹੈ ਜਿਸ ਦੇ ਸਭ ਤੋਂ ਜ਼ਿਆਦਾ ਨੌਜਵਾਨਾਂ ਨੇ ਆਪਣੇ ਵੋਟ ਬਣਾਏ ਹਨ।
ਸ੍ਰੀ ਵੀ.ਕੇ.ਸਿੰਘ ਨੇ ਅੱਗੇ ਦੱਸਿਆ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਪੂਰੀ ਤਰਾਂ ਪੁਖਤਾ ਰੱਖਣ ਲਈ ਪੁਲਿੰਗ ਸਟੇਸ਼ਨਾ ‘ਤੇ ਸੀ.ਸੀ.ਟੀ.ਵੀ.ਕੈਮਰੇ ਵੀ ਲਗਾਏ ਜਾਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲਾਂਚ ਕੀਤੀ ਗਈ ਐਪ ਰਾਹੀਂ ਆਪਣੇ ਸੁਝਾਅ ਜਾਂ ਸ਼ਿਕਾਇਤ ਭੇਜ ਸਕਦੇ ਹਨ ਜਿਨਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸੁਰੱਖਿਆ ਦੇ ਇਸ ਤਰਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਤੁਸੀਂ ਜਿਸ ਵੀ ਪੋਲਿੰਗ ਬੂਥ ਤੋਂ ਸ਼ਿਕਾਇਤ ਕਰੋਗੇ ਉਥੇ ਅੱਧੇ ਘੰਟੇ ਦੇ ਅੰਦਰ ਅੰਦਰ ਫਲਾਇੰਗ ਸਕਾਊਡ ਪਹੁੰਚ ਜਾਵੇਗੀ। ਉਹਨਾਂ ਕਿਹਾ ਕਿ ਵੋਟਾਂ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਤਕਨਾਲੌਜੀ ਨੂੰ ਵਰਤਿਆ ਜਾਵੇਗਾ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਇਲੈਕਸ਼ਨ ਕਮਿਸ਼ਨ ਵਲੋਂ ਕੇਂਦਰ ਤੋਂ ਪੈਰਾ ਮਿਲਟਰੀ ਫੋਰਸਾਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ ਅਤੇ ਚੋਣਾਂ ਪੂਰੀ ਤਰਾਂ ਸਾਂਤੀਪੂਰਨ ਢੰਗ ਨਾਲ ਸੰਪਨ ਹੋਣਗੀਆਂ।
ਇਸ ਮੌਕੇ ਕੇਨੈਡਾ ਦੇ ਸਾਬਕਾ ਪ੍ਰਾਈਮਰ ਆਫ ਬ੍ਰਿਟਿਸ਼ ਕੋਲੰਬੀਆ ਸ੍ਰੀ ਉੱਜਲ ਦੁਸਾਂਝ ਨੇ ਕਿਹਾ ਕਿ ਵੋਟ ਪਾਉਣਾ ਇਕ ਬਹੁਤ ਪਵਿੱਤਰ ਕਾਰਜ ਹੈ ਅਤੇ ਸਾਨੂੰ ਧਰਮ,ਜਾਤ-ਪਾਤ ਤੋਂ ਉਪਰ ਉਠ ਕੇ ਸਹੀ ਉਮੀਦਵਾਰ ਨੂੰ ਵੋਟ ਪਾ ਕੇ ਦੇਸ਼ ਦੀ ਉਨੱਤੀ ਵਿਚ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਵੋਟ ਪ੍ਰਕਿਰਿਆ ਹੀ ਇਕ ਅਜਿਹੀ ਪ੍ਰਣਾਲੀ ਹੈ ਜਿਸ ਵਿਚ ਆਮ ਆਦਮੀ ਅਤੇ ਪ੍ਰਧਾਨ ਮੰਤਰੀ ਬਰਾਬਰ ਹਨ। ਉਹਨਾਂ ਨੌਜਵਾਨਾਂ ਨੂੰ ਕਿਹਾ ਕਿ ਵੋਟ ਦੀ ਮਹੱਤਤਾ ਸਬੰਧੀ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਜਾਗਰੂਕ ਕਰਨ।
ਇਸ ਮੌਕੇ ਸ੍ਰੀ ਕ੍ਰਿਸਟੋਫਰ ਗਿਬਨ ਕਾਊਂਸਲਰ ਜਨਰਲ ਆਫ ਕੇਨੈਡਾ, ਵਧੀਕ ਮੁੱਖ ਚੋਣ ਅਫਸਰ ਪੰਜਾਬ ਸਿਬੱਨ ਸੀ, ਚਾਂਸਲਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਸ਼ੋਕ ਮਿੱਤਲ,   ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਜਲੰਧਰ ਕਮਲ ਕਿਸ਼ੋਰ ਯਾਦਵ, ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਕਪੂਰਥਲਾ ਗੁਰਲਵਲੀਨ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਜਲੰਧਰ ਗਿਰੀਸ਼ ਦਯਾਲਨ ਅਤੇ ਜ਼ਿਲਾ ਜਲੰਧਰ ਤੇ ਕਪੂਰਥਲਾ ਦੇ ਨੋਡਲ ਅਫਸਰ ਅਤੇ ਵੱਖ ਵੱਖ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ।