ਪੁਲਿਸ ਦੀ ਕਹਾਣੀ ‘ਤੇ ਸ਼ੰਕੇ

-ਪੰਜਾਬੀਲੋਕ ਬਿਊਰੋ
ਕਿਹਾ ਜਾ ਰਿਹਾ ਹੈ ਕਿ ਨਾਭਾ ਜੇਲ ਬ੍ਰੇਕ ਕਾਂਡ ਬਾਰੇ ਪੁਲਸ ਵੱਲੋਂ ਬਿਆਨੀ ਜਾ ਰਹੀ ਕਹਾਣੀ ਸੱਚ ਨਾਲ ਮੇਲ ਨਹੀਂ ਖਾ ਰਹੀ। ਡੀ. ਜੀ. ਪੀ. ਵੱਲੋਂ ਅਧਿਕਾਰਤ ਤੌਰ ‘ਤੇ ਕਹਾਣੀ ਦੱਸੀ ਗਈ ਹੈ, ਉਹ ਸੱਚ ਨਹੀਂ। ਪਹਿਲਾ ਸਵਾਲ ਨਾਭਾ ਮੈਕਸੀਮਮ ਜੇਲ ਦੇ ਮੇਨ ਗੇਟ ਦੀ ਦੀਵਾਰ 10 ਫੁੱਟ ਉੱਚੀ ਹੈ, ਜਿਸ ‘ਤੇ ਉਪਰ ਬਣੀ ਪੋਸਟ ‘ਤੇ ਐੈੱਸ. ਐੈੱਲ. ਆਰ. ਤਾਇਨਾਤ ਮੁਲਾਜ਼ਮਾਂ ਦਾ ਪਹਿਰਾ ਹੈ।  ਅਜਿਹੇ ਵਿਚ ਜੇਕਰ ਪੁਲਸ ਵਾਲਿਆਂ ਨੇ ਗੇਟ ਖੁੱਲਵਾ ਵੀ ਲਿਆ ਤਾਂ ਉੱਪਰ ਪੋਸਟ ‘ਤੇ ਤਾਇਨਾਤ ਸੰਤਰੀ ਨੂੰ ਕਿਸ ਤਰਾਂ ਬੰਦੀ ਬਣਾ ਲਿਆ ਗਿਆ।  ਜੇਕਰ ਸੰਤਰੀ ਬੰਦੀ ਬਣਾਇਆ ਗਿਆ ਤਾਂ ਇੰਨੀ ਵੱਡੀ ਜੇਲ ਦੇ ਮੁੱਖ ਗੇਟ ‘ਤੇ ਕੀ ਸਿਰਫ ਇਕ ਸੰਤਰੀ ਸੀ?  ਦੂਜਾ ਅੰਦਰ ਡਿਓਢੀ ਵਿਚ ਦੋਵੇਂ ਪਾਸੇ ਤੋਂ ਗੇਟ ਲੱਗਿਆ ਹੁੰਦਾ ਹੈ।  ਅਜਿਹੇ ਵਿਚ ਕਿਸ ਤਰਾਂ ਕੁਝ ਵਿਅਕਤੀਆਂ ਨੇ ਸੰਤਰੀ ਤੋਂ ਹਥਿਆਰ ਦੀ ਨੋਕ ‘ਤੇ ਗੇਟ ਖੁੱਲਵਾਇਆ।  ਇੰਨਾ ਕੁਝ ਹੋਣ ਦੇ ਬਾਵਜੂਦ ਵੀ ਦੂਰ-ਦੂਰ ਬੈਰਕਾਂ ਵਿਚ ਬੰਦ ਕੀਤੇ ਗਏ ਅੱਤਵਾਦੀ ਅਤੇ ਗੈਂਗਸਟਰ ਕਿਸ ਤਰਾਂ ਭੱਜਣ ਲਈ ਤਿਆਰ ਖੜੇ ਸਨ।  ਕਿਹਾ ਇਹ ਜਾ ਰਿਹਾ ਹੈ ਫਿਲਮੀ ਸਟਾਈਲ ਵਿਚ ਭਜਾ ਕੇ ਲੈ ਗਏ ਫਿਲਮ ਵਾਲੇ ਵੀ ਕੋਈ ਕੜੀ ਜੋੜ ਲੈਂਦੇ ਹਨ, ਇਥੇ ਤਾਂ ਕੜੀ ਵੀ ਨਹੀਂ ਜੁੜ ਰਹੀ।  ਕੁਝ ਬਦਮਾਸ਼ ਜੇਕਰ ਜੇਲ ਤੋੜ ਕੇ ਇੰਨੇ ਖਤਰਨਾਕ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਛੁਡਾ ਕੇ ਲੈ ਜਾਣ ਤਾਂ ਫਿਰ ਮੈਕਸੀਮਮ ਸਕਿਓਰਿਟੀ ਜੇਲ ਕਿਸ ਗੱਲ ਦੀ ਹੋਈ।  ਜੇਲ ਵਿਚ ਇੰਨੇ ਖਤਰਨਾਕ ਹਥਿਆਰ ਲੈ ਕੇ ਕੁਝ ਵਿਅਕਤੀ ਕਿਸ ਤਰਾਂ ਦਾਖਲ ਹੋ ਗਏ? ਫਿਲਹਾਲ ਤਾਂ ਪੁਲਿਸ ਸਾਰੇ ਸਵਾਲਾਂ ਤੋਂ ਬਚ ਰਹੀ ਹੈ।