ਨਾਭਾ ਕਾਂਡ-ਸਰਕਾਰ ‘ਤੇ ਮਿਲੀਭੁਗਤ ਦੇ ਦੋਸ਼

-ਪੰਜਾਬੀਲੋਕ ਬਿਊਰੋ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੇਲ ਤੋੜਨ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ  ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਅਤੇ ਵਿਸਥਾਰ ਪੂਰਵਕ ਰਿਪੋਰਟ ਮੰਗੀ। ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਨੂੰ ਪੰਜਾਬ ਵਿਚ ਸਾਰੀਆਂ ਜੇਲਾਂ ਵਿਚ ਸੁਰੱਖਿਆ ਪ੍ਰਬੰਧ ਮਜਬੂਤ ਕਰਨ ਲਈ ਕਦਮ ਚੁੱਕਣ ਵਾਸਤੇ ਆਖਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਅੰਦਰ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਪੂਰੀ ਤਰਾਂ ਨਾਲ ਤਹਿਸ-ਨਹਿਸ ਹੋ ਚੁੱਕੀ ਹੈ। ਖਾਲਿਸਤਾਨੀ ਖਾੜਕੂਆਂ ਅਤੇ ਗੈਂਗਸਟਰਾਂ ਦੇ ਫ਼ਰਾਰ ਹੋਣ ਦੀ ਘਟਨਾ ਬਾਦਲ ਸਰਕਾਰ ਦੀ ਮਿਲੀਭੁਗਤ ਹੋਣ ਦਾ ਦੋਸ਼ ਲਾਉਂਦਿਆਂ ਕੈਪਟਨ ਨੇ ਕਿਹਾ ਕਿ ਪੰਜਾਬ ਦੀ ਅਤਿ ਸੁਰੱਖਿਅਤ ਜੇਲ ਅੰਦਰ ਗੈਂਗਸਟਾਰਾਂ ਦਾ ਦਾਖ਼ਲ ਹੋਣਾ ਇਸ ਕਾਂਡ ਵਿਚ ਸਰਕਾਰ ਦੀ ਵੱਡੇ ਪੱਧਰ ਉੱਤੇ ਮਿਲੀਭੁਗਤ ਹੋਣ ਵੱਲ ਇਸ਼ਾਰਾ ਕਰਦਾ ਹੈ। ਸੁਨੀਲ ਕੁਮਾਰ ਜਾਖੜ ਨੇ ਨਾਭਾ ਜੇਲ ਕਾਂਡ ਲਈ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਹੁਣ ਉਪ ਮੁੱਖ ਮੰਤਰੀ ਨੂੰ ਕੁਰਸੀ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਤੇ ਉਹਨਾਂ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਅਰਵਿੰਦ ਕੇਜਰੀਵਾਲ ਨੇ ਵੀ ਸੁਖਬੀਰ ਸਿੰਘ ਬਾਦਲ ਤੋਂ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ। ਉਹਨਾਂ ਟਵੀਟ ਕਰ ਕਿਹਾ ਹੈ ਕਿ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਕੈਦੀਆਂ ਦੇ ਜੇਲ ‘ਚੋਂ ਭੱਜਣ ਤੇ ਪੰਜਾਬ ਪੁਲਿਸ ਦੀ ਗੋਲੀਬਾਰੀ ‘ਚ ਇਕ ਨਿਰਦੋਸ਼ ਲੜਕੀ ਦੇ ਮਾਰੇ ਜਾਣ ਦੀ ਜਿੰਮੇਵਾਰੀ ਲੈਂਦਿਆ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਸੰਜੇ ਸਿੰਘ ਨੇ ਵੀ ਨਾਭਾ ਜੇਲ ਦੀ ਘਟਨਾ ਪ੍ਰਤੀ ਸਰਕਾਰ ਨੂੰ ਹੀ ਦੋਸ਼ੀ ਠਹਿਰਾਇਆ ਹੈ। ਉਹਨਾਂ ਸਪੱਸ਼ਟ ਤੌਰ ‘ਤੇ ਆਖਿਆ ਕਿ ਇਹ ਰਾਜ ਸਰਕਾਰ ਦੀ ਨਕਾਮੀ ਹੈ ਤੇ ਸੂਬੇ ਦੇ ਗ੍ਰਹਿ ਮੰਤਰੀ ਨੂੰ ਆਪਣਾ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।