ਮਿੰਟੂ ਦੀ ਗ੍ਰਿਫਤਾਰੀ ਪਿੱਛੇ ਅਜੀਤ ਡੋਬਾਲ!!

ਨੀਟਾ ਵੀ ਗ੍ਰਿਫਤਾਰ, ਪਰ ਪੁਲਿਸ ਚੁੱਪ
ਬੇਕਸੂਰ ਨੇਹਾ ਦੀ ਜਾਨ ਦੀ ਕੀਮਤ 12 ਲੱਖ..
-ਅਮਨਦੀਪ ਹਾਂਸ
ਐਤਵਾਰ 27 ਨਵੰਬਰ ਨੂੰ ਮੈਕਸਿਮਮ ਸਕਿਓਰਿਟੀ ਵਾਲੀ ਨਾਭਾ ਜੇਲ  ਤੋੜ ਕੇ ਭਜਾਏ ਗਏ ਖਾੜਕੂ ਤੇ ਗੈਂਗਸਟਰਾਂ ਵਿਚੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਤੇ ਗੈਂਗ ਚਲਾ ਰਹੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਪੁਲਿਸ ਨੇ ਮੁੜ ਕਾਬੂ ਕਰ ਲਿਆ ਹੈ। ਹਾਲਾਂਕਿ ਜੇਲ ਤੋੜਨ ਬਾਰੇ ਪੁਲਿਸ ਦੀ ਕਹਾਣੀ ਸਵਾਲਾਂ ਦੇ ਘੇਰੇ ਵਿੱਚ ਹੈ, ਪਰ ਉਕਤ ਗ੍ਰਿਫਤਾਰੀਆਂ ਕਰਕੇ ਪੁਲਿਸ ਆਪਣਾ ਬਚਾਅ ਕਰਨ ਰੁੱਝੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਿੰਟੂ ਦੇ ਨਾਲ ਕਸ਼ਮੀਰ ਸਿੰਘ ਤੇ ਸੇਖੋਂ ਵੀ ਸਨ ਪਰ ਦਿੱਲੀ ਆ ਕੇ ਸਾਰੇ ਵੱਖ ਹੋ ਗਏ, ਮਿੰਟੂ ਨੇ ਪਛਾਣ ਛੁਪਾਉਣ ਲਈ ਦਾੜੀ ਟ੍ਰਿਮ ਕਰਵਾ ਲਈ, ਉਸ ਕੋਲੋਂ ਪਿਸਟਲ ਤੇ 6 ਕਾਰਟਿਜਸ ਬਰਾਮਦ ਹੋਏ, ਕੁਝ ਨਗਦੀ ਵੀ ਮਿਲੀ, ਉਸ ਨੂੰ ਨਕਦੀ ਕਿੱਥੋਂ ਮਿਲੀ ਪਤਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਕਿਹਾ ਜਾ ਰਿਹਾ ਹੈ ਕਿ ਉਹ ਗੋਆ ਭੱਜਣ ਦੀ ਤਿਆਰੀ ਕਰ ਰਿਹਾ ਸੀ। ਪੁਲਿਸ ਦਾਅਵਾ ਕਰ ਰਈ ਹੈ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੂੰ ਮਿਲੇ ਇਕ ਸੁਰਾਗ ਕਰਕੇ ਮਿੰਟੂ ਫੜਿਆ ਗਿਆ।
ਸਰੋਤਿਆਂ ਨੂੰ ਚੇਤੇ ਕਰਵਾ ਦੇਈਏ ਕਿ ਅਜੀਤ ਡੋਬਾਲ ਮੋਦੀ ਜੀ ਦਾ ਖਾਸ ਬੰਦਾ.. ਮੋਦੀ ਜੀ ਦੇ ਖਾਸਮਖਾਸਾਂ ਬਿਨਾ ਤਾਂ ਮੁਲਕ ‘ਚ ਪੱਤਾ ਨਹੀਂ ਹਿੱਲਦਾ..
ਖੈਰ ਇਹ ਵੱਖਰਾ ਮੁੱਦਾ ਹੈ.. ਖਬਰ ਤਾਂ ਇਹ ਵੀ ਆ ਰਹੀ ਹੈ ਕਿ ਪੁਲਿਸ ਨੇ ਨੀਟਾ ਦਿਓਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ, ਪਰ ਉਸ ਦੀ ਗ੍ਰਿਫਤਾਰੀ ਦਿਖਾ ਨਹੀਂ ਰਹੀ।
ਇਕ ਪਾਸੇ ਪੁਲਿਸ ਨੇ ਇਹ ਥਿਊਰੀ ਦਿੱਤੀ ਕਿ ਪ੍ਰੇਮਾ ਲਹੌਰੀਆ ਤੇ ਪਰਮਿੰਦਰ ਪਿੰਦੇ ਨੇ ਸਾਜ਼ਿਸ਼ ਸਿਰਫ ਵਿੱਕੀ ਗੌਂਡਰ ਤੇ ਸਾਥੀ ਗੈਂਗਸਟਰਾਂ ਨੂੰ ਭਜਾਉਣ ਲਈ ਰਚੀ ਗਈ ਸੀ, ਪਰ ਮਿੰਟੂ ਦੀ ਗ੍ਰਿਫਤਾਰੀ ਮਗਰੋਂ ਡੀ ਸੀ ਪੀ ਦਿੱਲੀ ਅਰਵਿੰਦ ਦੀਪ ਨੇ ਕਿਹਾ ਕਿ ਨਾਭਾ ਜੇਲ ਬ੍ਰੇਕ ਪੂਰੀ ਤਰਾਂ ਪਲਾਨਡ ਸੀ, ਜਿਸ ਦੇ ਮਾਡਿਯੂਲ ‘ਚ ਹਰਮਿੰਦਰ ਮਿੰਟੂ ਵੀ ਸ਼ਾਮਲ ਸੀ।
ਪੁਲਿਸ ਦਾਅਵਾ ਕਰ ਰਹੀ ਹੈ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਆਂਗੇ, ਪਰ ਆਪਣੀ ਨਕਾਮੀ ਦਾ ਕੀ ਕਰੂ, ਜੋ ਮੀਡੀਆ ‘ਚ ਸੁਰਖੀਆਂ ਬਟੋਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਜੇਲ ਬ੍ਰੇਕ ਦੀ ਸਾਜ਼ਿਸ਼ ਹਫਤਾ ਪਹਿਲਾਂ ਹੀ ਰਚੀ ਜਾ ਚੁੱਕੀ ਸੀ, ਹਫਤਾ ਪਹਿਲਾਂ ਪੁਲਿਸ ਦੀ ਗ੍ਰਿਫਤ ‘ਚ ਆਏ ਇਕ ਗੈਂਗਸਟਰ ਦੇ ਮੋਬਾਇਲ ਫੋਨ ਜ਼ਰੀਏ ਜਾਣਕਾਰੀ ਮਿਲੀ ਸੀ ਕਿ ਵਿੱਕੀ ਗੌਂਡਰ ਤੇ ਨੀਟਾ ਦਿਓਲ ਜੇਲ ਵਿੱਚ ਬੈਠੇ ਹੀ ਆਪਣੇ ਗਿਰੋਹ ਦੇ ਮੈਂਬਰਾਂ ਨੂੰ ਲਗਾਤਾਰ ਵਟਸਅਪ ਕਾਲ ਤੇ ਵਾਇਸ ਮੈਸੇਜ ਕਰ ਰਹੇ ਨੇ। 20 ਨਵੰਬਰ ਨੂੰ ਪੁਲਿਸ ਨੇ 3 ਗੈਂਗਸਟਰ ਫੜੇ ਸਨ, ਇਕ ਦੇ ਫੋਨ ਤੋਂ ਕੁਲਪ੍ਰੀਤ, ਨੀਟਾ ਦਿਓਲ ਨਾਲ ਵਟਸਅਪ ਕਾਲ ਹੋਈ ਸੀ, ਇਕ ਮਹੀਨਾ ਪਹਿਲਾਂ ਬਠਿੰਡੇ ਤੋਂ ਫੜੇ ਗਏ ਨਵਦੀਪ ਚੱਢਾ ਦੇ ਫੋਨ ਤੋਂ ਵੀ ਨਾਭੇ ਬੰਦ ਵਿੱਕੀ ਗੌਂਡਰ ਦਾ ਵਾਇਸ ਮੈਸੇਜ ਮਿਲਿਆ ਸੀ ਪਰ ਪੁਲਿਸ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜੇਲ ਵਿਚ ਬੰਦ ਗੌਂਡਰ ਤੇ ਨੀਟੇ ਦੀ ਤਲਾਸ਼ੀ ਲੈ ਕੇ ਫੋਨ ਬਰਾਮਦ ਕੀਤਾ ਜਾਂਦਾ, ਤੇ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਜੇਲ ਬ੍ਰੇਕ ਦੀ ਘਟਨਾ ਤੋਂ ਬਚਾਅ ਹੋ ਜਾਂਦਾ ਤੇ ਹਫੜਾ ਦਫੜੀ ਵਿੱਚ ਐਨਕਾਊਂਟਰ ਕਰਕੇ ਮਾਰੀ ਗਈ ਨੇਹਾ ਦੇ ਕਤਲ ਦੇ ਇਲਜ਼ਾਮ ਤੋਂ ਵੀ ਪੰਜਾਬ ਪੁਲਿਸ ਬਚ ਜਾਂਦੀ। ਨੇਹਾ ਦੀ ਜਾਨ ਦਾ ਮੁੱਲ 12 ਲੱਖ ਰੁਪਏ ਐਲਾਨਿਆ ਹੈ। ਮ੍ਰਿਤਕਾ ਦੇ ਭਰਾ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ ਆਰਥਿਕ ਮਦਦ ਦਾ ਐਲਾਨ ਕਰਕੇ ਪ੍ਰਸ਼ਾਸਨ ਨੇ ਜਨਤਕ ਰੋਹ ਇਕ ਵਾਰ ਤਾਂ ਦਬਾਅ ਦਿੱਤਾ, ਪਰ ਸਮਾਣੇ ਨੇੜੇ ਧਰਮੇੜੀ ਪਿੰਡ ਕੋਲ ਕੀਤੇ ਗਏ ਐਨਕਾਊਂਟਰ ਸੰਬੰਧੀ ਪੁਲਿਸ ਨੇ ਪਰਚਾ ਅਣਪਛਾਤਿਆਂ ‘ਤੇ ਦਰਜ ਕੀਤਾ ਹੈ। ਪਰਚੇ ਵਿੱਚ ਦਰਜ ਕੀਤਾ ਹੈ ਕਿ ਪੁਲਿਸ ਦੀ ਵਰਦੀ ਵਿੱਚ ਆਏ ਅਣਪਛਾਤਿਆਂ ਨੇ ਫਾਇਰਿੰਗ ਕਰ ਦਿੱਤੀ ਸੀ, ਜਦਕਿ ਇਲਾਕੇ ਦਾ ਬੱਚਾ ਬੱਚਾ ਜਾਣਦਾ ਹੈ ਕਿ ਪੁਲਿਸ ਨਾਕੇ ‘ਤੇ ਤਾਇਨਾਤ ਇਕ ਪੁਲਿਸ ਮੁਲਾਜ਼ਮ ਨੇ ਕਾਰ ਦੇ ਫਰੰਟ ਸ਼ੀਸ਼ੇ ‘ਤੇ ਅੰਨੇਵਾਹ ਗੋਲ਼ੀਆਂ ਵਰਾ ਦਿੱਤੀਆਂ ਸਨ ਜਦ ਰੁਕਣ ਦੇ ਇਸ਼ਾਰੇ ‘ਤੇ ਡਰਾਈਵਰ ਕਾਰ ਸਾਈਡ ‘ਤੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਖੈਰ ਪੁਲਿਸ ਨੇ ਆਪਣੇ ਬੰਦਿਆਂ ਨੂੰ ਬਚਾਉਣ ਦਾ ਪਹਿਲਾਂ ਹੀ ਪ੍ਰਬੰਧ ਕਰ ਲਿਆ ਹੈ।