• Home »
  • ਅੱਜ ਦੀ ਖਬਰ
  • » ਮਜ਼ਦੂਰਾਂ ਨੂੰ ਨਵੀਂ ਕਰੰਸੀ ਨਾਲ ਤਨਖਾਹ ਦੇਣ ਦੀ ਹਦਾਇਤ

ਮਜ਼ਦੂਰਾਂ ਨੂੰ ਨਵੀਂ ਕਰੰਸੀ ਨਾਲ ਤਨਖਾਹ ਦੇਣ ਦੀ ਹਦਾਇਤ

ਉਲੰਘਣਾਂ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ
-ਪੰਜਾਬੀਲੋਕ ਬਿਊਰੋ
ਭਾਰਤ ਸਰਕਾਰ ਵੱਲੋਂ500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕੀਤੇ ਜਾਣ ਸਦਕਾ ਅਸੰਗਠਤ ਖੇਤਰ ਦੇ ਕਿਰਤੀਆਂ ਅਤੇ ਖਾਸਕਰ ਉਸਾਰੀ ਕਿਰਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸ੍ਰੀ ਯਾਦਵ ਵੱਲੋਂ ਐਸ.ਡੀ.ਐਮਜ਼, ਪੁਲੀਸ ਵਿਭਾਗ ਅਤੇ ਸਹਾਇਕ ਕਿਰਤ ਕਮਿਸ਼ਨਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਇਹ ਯਕੀਨੀ ਬਣਾਉਣ ਕਿ ਫੈਕਟਰੀਆਂ ਵਿੱਚ ਕੰਮ ਕਰਦੇ ਅਤੇ ਨਿਰਮਾਣ ਉਸਾਰੀ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਠੇਕੇਦਾਰਾਂ ਵੱਲੋਂ 500 ਤੇ 1000 ਰੁਪਏ ਦੇ ਨੋਟ ਨਾ ਦਿੱਤੇ ਜਾਣ।  ਉਹਨਾਂ ਇਹ ਵੀ ਨਿਰਦੇਸ਼ ਦਿੱਤੇ ਕਿ ਜਿਹੜੇ ਵਿਭਾਗਾਂ ਵੱਲੋਂ, ਭਾਰਤ ਸਰਕਾਰ/ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜ ਚੱਲ ਰਹੇ ਹਨ ਉਹਨਾਂ ਸਬੰਧੀ ਵੀ ਇਹ ਯਕੀਨੀ ਬਣਾਇਆ ਜਾਵੇ ਕਿ ਵਿਕਾਸ ਕਾਰਜ ਕਰਵਾ ਰਿਹਾ ਠੇਕੇਦਾਰ ਆਪਣੇ ਕਿਰਤੀਆਂ ਨੂੰ ਉਪਰੋਕਤ ਅਨੁਸਾਰ ਪੁਰਾਣੀ ਕਰੰਸੀ ਦੇ ਨੋਟ ਨਾ ਦੇਵੇ ਤਾਂ ਜੋ ਮਜ਼ਦੂਰਾਂ ਨੂੰ ਖੱੱਜਲ ਖੁਆਰੀ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਕਿਸੇ ਵੀ ਫੈਕਟਰੀ ਮਾਲਕ ਜਾਂ ਠੇਕੇਦਾਰ ਵੱਲੋਂ ਆਪਣੇ ਅਧੀਨ ਆਉਂਦੇ ਕਿਰਤੀਆਂ ਨੂੰ ਐਡਵਾਂਸ ਵਿੱਚ ਪੁਰਾਣੀ ਕਰੰਸੀ ਨਾਲ ਤਨਖਾਹ ਦੇਣ ਨੂੰ ਵੀ ਗੈਰ-ਕਾਨੂੰਨੀ ਦੱਸਦਿਆਂ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਅਜਿਹੀ ਕਾਰਵਾਈ ਤੁਰੰਤ ਰੋਕਣ ਲਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਅਜਿਹਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।