ਨੋਟਬੰਦੀ- ਪ੍ਰੇਸ਼ਾਨੀਆਂ ਜਿਉਂ ਦੀਆਂ ਤਿਉਂ

ਆਰ ਬੀ ਆਈ ਤੇ ਸਰਕਾਰ ਦੇ ਐਲਾਨ ਵੱਖਰੇ ਵੱਖਰੇ
ਏ ਟੀ ਐਮ ਦੇ ਬਾਹਰ ਖੜੇ ਕਾਰੋਬਾਰੀ ਦੀ ਮੌਤ
-ਪੰਜਾਬੀਲੋਕ ਬਿਊਰੋ
ਮੁਲਕ ਵਿੱਚ ਨੋਟਬੰਦੀ ਦਾ ਅੱਜ 21ਵਾਂ ਦਿਨ ਹੈ, ਪਰ ਜਨਤਾ ਦੀਆਂ ਮੁਸ਼ਕਲਾਂ ਹਾਲੇ ਵੀ ਓਵੇਂ ਜਿਵੇਂ ਹਨ। ਬੈਂਕਾਂ ਤੇ ਏ ਟੀ ਐਮ ਦੇ ਬਾਹਰ ਪੈਸੇ ਲੈਣ ਤੇ ਜਮਾਂ ਕਰਵਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਪਹਿਲੀ ਤਾਰੀਕ ਆ ਰਹੀ ਹੈ।  ਨੌਕਰੀਪੇਸ਼ਾ ਲੋਕਾਂ ਦੀ ਤਨਖਾਹ ਆਉਣ ਵਾਲੀ ਹੈ।  ਪਰ ਮੋਦੀ ਸਰਕਾਰ ਨੇ ਨੌਕਰੀਪੇਸ਼ਾ ਲੋਕਾਂ ਨੂੰ ਝਟਕਾ ਦਿੰਦਿਆਂ ਕਿਹਾ ਹੈ ਕਿ ਮਹੀਨੇ ਦੀ ਤਨਖਾਹ ਆਉਣ ‘ਤੇ ਵੀ ਖਾਤੇ ‘ਚੋਂ ਇੱਕ ਹਫਤੇ ‘ਚ 24 ਹਜਾਰ ਤੋਂ ਵੱਧ ਰੁਪਏ ਨਹੀਂ ਕਢਵਾਏ ਜਾ ਸਕਦੇ। ਦੂਜੇ ਪਾਸੇ ਆਰ ਬੀ ਆਈ ਨੇ ਅੱਜ ਤੋਂ ਬੈਂਕ ‘ਚੋਂ ਕੈਸ਼ ਕਢਵਾਉਣ ਦੀ ਲਿਮਟ ਵਧਾ ਕੇ 34 ਹਜ਼ਾਰ ਕਰ ਦਿੱਤੀ ਹੈ। ਬੈਂਕਾਂ ਵਾਲੇ ਮੋਦੀ ਸਰਕਾਰ ਦੀ ਮੰਨਣਗੇ ਜਾਂ ਆਰ ਬੀ ਆਈ ਦੀ, ਇਸ ਦਾ ਪਤਾ ਭਲਕੇ ਲੱਗੇਗਾ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਇਹ ਗੱਲ ਮੰਨਣ ਤੋਂ ਇਨਕਰ ਕਰ ਰਹੀ ਹੈ ਕਿ ਬੈਂਕਾਂ ਵਿੱਚ ਕੈਸ਼ ਨਹੀਂ ਹੈ, ਸਰਕਾਰ ਦਾ ਕਹਿਣਾ ਹੈ ਕਿ ਬੈਂਕਾਂ ‘ਚ ਨਕਦੀ ਉਪਲਬਧ ਹੈ।  ਇਸ ਲਈ ਪੁਰਾਣੇ ਨੋਟ ਜਮਾਂ ਕਰਵਾਉਣ ਦੀ ਤਾਰੀਖ਼ ਨਹੀਂ ਵਧਾਈ ਜਾਵੇਗੀ।
ਓਧਰ ਕੈਸ਼ ਲਈ ਏ ਟੀ ਐਮ ਦੀ ਲਾਈਨ ਵਿੱਚ ਲੱਗੇ ਜਲੰਧਰ ਦੇ ਕੱਪੜਾ ਕਾਰੋਬਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।  ਬੈਂਕ ਆਫ਼ ਬੜੋਦਾ ਦੀ ਚਿੱਕ ਚੈੱਕ ਚੌਕ ਵਿਚਲੀ ਬਰਾਂਚ ਵਿੱਚ ਕੱਪੜਾ ਕਾਰੋਬਾਰੀ ਰੇਸ਼ਮ ਲਾਲ ਕੈਸ਼ ਲਈ ਲੰਮੇ ਸਮੇਂ ਤੋਂ ਲਾਈਨ ਵਿੱਚ ਲੱਗਾ ਹੋਇਆ ਸੀ। ਉਸ ਨੂੰ ਓਥੇ ਹੀ ਦਿਲ ਦਾ ਦੌਰਾ ਪੈ ਗਿਆ ਤੇ ਮੌਤ ਹੋ ਗਈ।
ਓਧਰ ਕੈਸ਼ ਦੀ ਕਮੀ ਕਾਰਨ ਦੁਖੀ ਹੋਏ ਲੋਕਾਂ ਨੇ ਅੱਜ ਧੂਰੀ ਦੇ ਸਟੇਟ ਬੈਂਕ ਆਫ਼ ਪਟਿਆਲਾ ਦੀ ਬੇਨੜਾ ਬਰਾਂਚ ਨੂੰ ਖੋਲਣ ਨਹੀਂ ਦਿੱਤਾ।  ਲੋਕਾਂ ਦਾ ਇਲਜ਼ਾਮ ਸੀ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਬੈਂਕ ਵਿੱਚ ਕੈਸ਼ ਨਹੀਂ ਪਹੁੰਚਿਆ ਜਿਸ ਕਾਰਨ ਉਹਨਾਂ ਦੇ ਜ਼ਰੂਰੀ ਕੰਮ ਰੁਕੇ ਪਏ ਹਨ।  ਬੈਂਕ ਦੇ ਗੇਟ ਦੇ ਬਾਹਰ ਧਰਨੇ ਉੱਤੇ ਬੈਠੇ ਲੋਕਾਂ ਦਾ ਕਹਿਣਾ ਸੀ ਕਿ ਇੱਕ ਤਾਂ ਰੋਜ਼ਾਨਾ ਸਵੇਰੇ ਉਹਨਾਂ ਨੂੰ ਬੈਂਕ ਅੱਗੇ ਕਤਾਰਾਂ ਵਿੱਚ ਖੜੇ ਹੋਣਾ ਪੈ ਰਿਹਾ ਹੈ। ਸ਼ਾਮ ਨੂੰ ਕੈਸ਼ ਨਾ ਹੋਣ ਦੀ ਗੱਲ ਆਖ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ।  ਇਸ ਤਰਾਂ ਦੀ ਹਾਲਤ ਪੰਜਾਬ ਦੇ ਪੇਂਡੂ ਇਲਾਕਿਆਂ ਦੇ ਬਾਕੀ ਬੈਂਕਾਂ ਦੀ ਵੀ ਹੈ।