ਭਾਜਪਾ ਐਮ ਐਲ ਏ ਤੇ ਐਮ ਪੀ ਦੇਣ ਖਾਤਿਆਂ ਦਾ ਵੇਰਵਾ

ਮੋਦੀ ਜੀ ਦੀ ਸਭ ਨੂੰ ਹਦਾਇਤ
-ਪੰਜਾਬੀਲੋਕ ਬਿਊਰੋ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਰਟੀ ਦੇ ਸਾਰੇ ਐਮ ਪੀਜ਼ ਤੇ ਐਮ ਐਲ ਏਜ਼ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਖੁਦ ਸਾਬਤ ਕਰਨ ਕਿ ਉਹਨਾਂ ਕੋਲ ਕਾਲਾ ਧਨ ਨਹੀਂ ਹੈ। ਇਹਨਾਂ ਸਭ ਨੂੰ 8 ਨਵੰਬਰ ਤੋਂ 31 ਦਸੰਬਰ ਤੱਕ ਆਪਣੇ ਸਾਰੇ ਖਾਤਿਆਂ ਦੀ ਟਰਾਂਜੈਕਸ਼ਨ ਦਾ ਵੇਰਵਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਕੋਲ ਪਹਿਲੀ ਜਨਵਰੀ ਨੂੰ ਜਮਾ ਕਰਵਾਉਣ ਨੂੰ ਕਿਹਾ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਨੇਤਾ ਕੋਲ ਕਿੰਨਾ ਧਨ ਹੈ। ਪੀ ਐਮ ਇਸ ਨਾਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੀ ਪਾਰਟੀ ਦੇ ਲੀਡਰਾਂ ਕੋਲ ਕਾਲਾ ਧਨ ਨਹੀਂ ਹੈ।
ਓਧਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਮਜ਼ਾਕ ਕੀਤਾ ਹੈ ਕਿ ਹਿਸਾਬ ਉਦੋਂ ਦਾ ਮੰਗਿਆ ਜਾ ਰਿਹਾ ਹੈ ਜਦ ਸਾਰਾ ਪੈਸਾ ਟਿਕਾਣੇ ਲਾ ਦਿੱਤਾ ਗਿਆ, ਜੇ ਹਿਸਾਬ ਲੈਣਾ ਹੀ ਹੈ ਤਾਂ 8 ਨਵੰਬਰ ਤੋਂ ਪਹਿਲਾਂ ਦੇ 6 ਮਹੀਨਿਆਂ ਦਾ ਹਿਸਾਬ ਲੈਣਾ ਚਾਹੀਦਾ ਹੈ, ਤੇ ਉਹ ਵੀ ਮੋਦੀ ਦੇ ਸਾਰੇ ਅਮੀਰ ਦੋਸਤਾਂ ਦੇ ਖਾਤਿਆਂ ਦਾ।