ਪਰਗਟ ਸਿਹੁੰ ਨਹੀਂ ਛੱਡਣਗੇ ਛਾਉਣੀ ਹਲਕਾ

-ਪੰਜਾਬੀਲੋਕ ਬਿਊਰੋ
ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਹੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਉਹ ਆਪਣੇ ਹਲਕੇ ਤੋਂ ਬਾਹਰ ਜਾ ਕੇ ਚੋਣ ਨਹੀਂ ਲੜਨਗੇ। ਪਰਗਟ ਸਿੰਘ ਨੇ ਆਖਿਆ ਕਿ ਅਕਾਲੀ ਦਲ ਨੇ ਵਿਧਾਇਕ ਹੋਣ ਦੇ ਬਾਵਜੂਦ ਉਹਨਾਂ ਨੂੰ ਹਲਕੇ ਲਈ ਕੰਮ ਨਹੀਂ ਕਰਨ ਦਿੱਤਾ।  ਆਮ ਆਦਮੀ ਪਾਰਟੀ ਦੀ ਥਾਂ ਕਾਂਗਰਸ ਵਿੱਚ ਜਾਣ ਦੇ ਮੁੱਦੇ ਉੱਤੇ ਬੋਲਦਿਆਂ ਪਰਗਟ ਸਿੰਘ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਾ ਸੂਬੇ ਵਿੱਚ ਚਿਹਰਾ ਕੌਣ ਹੋਵੇਗਾ, ਇਹ ਹਾਲੇ ਤੱਕ ਪਾਰਟੀ ਦੇ ਬਹੁਤੇ ਆਗੂਆਂ ਨੂੰ ਪਤਾ ਹੀ ਨਹੀਂ। ਉਹਨਾਂ ਆਖਿਆ ਆਮ ਆਦਮੀ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨਾ ਚਾਹੀਦਾ ਕਿਉਂਕਿ ਸੂਬਾ ਵੱਡਾ ਹੈ ਤੇ ਇਸ ਨੂੰ ਚਲਾਉਣਾ ਕੋਈ ਸੌਖਾ ਕੰਮ ਨਹੀਂ।  ਉਹਨਾਂ ਆਖਿਆ ਕਿ ਰਾਜਨੀਤੀ ਵਿੱਚ ਮਾੜੇ ਅਕਸ ਦੇ ਲੋਕ ਨਹੀਂ ਆਉਣੇ ਚਾਹੀਦੇ।  ਨਾਲ ਹੀ ਪਰਗਟ ਸਿੰਘ ਨੇ ਆਖਿਆ ਕਿ ਅਫ਼ਸਰਸ਼ਾਹੀ ਨੂੰ ਕੰਮ ਕਰਨ ਦੀ ਖੁੱਲੇ ਹੋਣੀ ਚਾਹੀਦੀ ਹੈ।
ਓਧਰ ਬੀਬੀ ਸਿੱਧੂ ਦੇ ਬੋਲਬਚਨ ਬਦਲੇ ਬਦਲੇ ਨਜ਼ਰ ਆਏ ਨੇ, ਅਕਸਰ ਆਮ ਆਦਮੀ ਪਾਰਟੀ ਦੀਆਂ ਤਾਰੀਫਾਂ ਦੇ ਪੁੱਲ ਬੰਨਣ ਵਾਲੀ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ‘ਤੇ ਜਮ ਕੇ ਸ਼ਬਦੀ ਹਮਲੇ ਕੀਤੇ।  ਕਿਹਾ ਕਿ ਮੈਂ ਅੱਧੀ ਆਮ ਆਦਮੀ ਪਾਰਟੀ ਨੂੰ ਖਾਲੀ ਕਰ ਦਿਆਂਗੀ ਅਤੇ ਆਪਣੇ ਨਾਲ ਜੁੜੇ ਲੋਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਾਂਗੀ।  ਮੈਡਮ ਸਿੱਧੂ ਨੇ ‘ਆਪ’ ਨੂੰ ਲੀਡਰਲੈੱਸ ਪਾਰਟੀ ਕਰਾਰ ਦਿੱਤਾ ਤੇ ਕਿਹਾ ਕਿ ਇਹਦੇ ਆਗੂ ਸਿਰਫ ਚੁਟਕਲਿਆਂ ਜੋਗੇ ਨੇ।