ਅੰਬੇਦਕਰ ਨੂੰ ਸਮਰਪਿਤ ਸੰਵਿਧਾਨ ਦਿਵਸ ਮਨਾਇਆ

-ਪੰਜਾਬੀਲੋਕ ਬਿਊਰੋ
ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ.ਅੰਬੇਦਕਰ ਨੂੰ ਸਮਰਪਿਤ ਸੰਵਿਧਾਨ ਦਿਵਸ ਇਥੇ ਸਰਕਾਰੀ ਜੂਨੀਅਰ ਮਾਡਲ ਸਕੂਲ ਵਿਖੇ ਮਨਾਇਆ ਗਿਆ ਜਿਸ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਸ੍ਰੀ ਬਾਘਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਅੰਦਰ ਬਰਾਬਰਤਾ, ਬੋਲਣ ਦੀ ਆਜ਼ਾਦੀ ਤੇ ਹੋਰ ਬੁਨਿਆਦੀ ਅਧਿਕਾਰਾਂ ਦੇ ਨਾਲ-ਨਾਲ ਲੋਕਤੰਤਰੀ ਹੱਕਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ ਤਾਂ ਜੋ ਭਾਰਤ ਦੇ ਹਰ ਵਾਸੀ ਨੂੰ ਤਰੱਕੀ ਦੇ ਇਕਸਾਰ ਮੌਕੇ ਮਿਲ ਸਕਣ ਤੇ ਹਰ ਵਾਸੀ ਸੰਵਿਧਾਨ ਹੱਕਾਂ ਵਾਲਾ ਜੀਵਨ ਬਤੀਤ ਕਰ ਸਕੇ।
ਸ੍ਰੀ ਬਾਘਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਦਕਰ ਤੇ ਹੋਰ ਅਹਿਮ ਸ਼ਖਸ਼ੀਅਤਾਂ ਦੀ ਲੰਮੀਂ ਘਾਲਣਾ ਉਪਰੰਤ ਭਾਰਤ ਦਾ ਸੰਵਿਧਾਨ ਹੋਂਦ ਵਿੱਚ ਆਇਆ ਜਿਸ ਸਦਕਾ ਭਾਰਤ ਦੇ ਵਾਸੀਆਂ ਨੂੰ ਨਿਆਂ, ਸਮਾਜਿਕ ਬਰਾਬਰਤਾ ਤੇ ਤਰੱਕੀਪਸੰਦ ਮਾਹੌਲ ਮਿਲ ਸਕਿਆ ਹੈ। ਉਹਨਾਂ ਕਿਹਾ ਕਿ ਭਾਰਤ ਅੱਜ ਪੂਰੇ ਵਿਸ਼ਵ ਅੰਦਰ ਲੋਕਤੰਤਰੀ ਦੇਸ਼ ਵੱਜੋਂ ਜਾਣਿਆਂ ਜਾਂਦਾ ਹੈ। ਸ੍ਰੀ ਰਾਜੇਸ਼ ਬਾਘਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਭਾਰਤ ਦੇ ਸੰਵਿਧਾਨ ਅੰਦਰ ਦਿੱਤੇ ਗਏ ਬੁਨਿਆਦੀ ਅਧਿਕਾਰਾਂ ਤੇ ਹੋਰ ਲੋਕਤੰਤਰੀ ਹੱਕਾਂ ਪ੍ਰਤੀ ਜਾਗਰੂਕ ਜ਼ਰੂਰ ਹੋਣ ਕਿਉਂਕਿ ਅੱਜ ਦੇ ਵਿਦਿਆਰਥੀਆਂ ਨੇ ਹੀ ਮੁਲਕ ਦੇ ਭਵਿੱਖ ਨੂੰ ਸਿਰਜਣਾ ਹੈ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਭਾਰਤ ਦੇ ਸੰਵਿਧਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸ੍ਰੀ ਬਾਘਾ ਨੇ ਕਿਹਾ ਕਿ ਭਾਰਤ ਨੂੰ ਅੰਗਰੇਜ਼ੀ ਹਕੂਮਤ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਵਾਉਣ ਲਈ ਵੱਡੀ ਗਿਣਤੀ ਆਜ਼ਾਦੀ ਘੁਲਾਟੀਆਂ ਨੇ ਕੁਰਬਾਨੀਆਂ ਦਿੱਤੀਆਂ ਜਿਸ ਸਦਕਾ ਭਾਰਤ ਨੂੰ ਆਜ਼ਾਦੀ ਮਿਲੀ ਅਤੇ ਭਾਰਤ ਨੇ ਲੋਕਤੰਤਰੀ ਪ੍ਰਕ੍ਰਿਆ ਦੀ ਸ਼ਥਾਪਤੀ ਤੱਕ ਦਾ ਸਫਰ ਤੈਅ ਕੀਤਾ। ਇਸ ਮੌਕੇ ਜ਼ਿਲਾ ਗਾਈਡੈਂਸ ਕੌਂਸਲਰ ਸ੍ਰੀ ਸੁਰਜੀਤ ਲਾਲ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।